ਪੱਤਰ ਪ੍ਰੇਰਕ
ਭਵਾਨੀਗੜ, 20 ਜੁਲਾਈ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਅੱਜ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਨੇੜਲੇ ਪਿੰਡ ਪਿੰਡ ਮੱਟਰਾਂ ਵਿੱਚ ਵਣ ਵਿਭਾਗ ਦੇ ਅਧਿਕਾਰੀਆਂ,ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਤ੍ਰਿਵੈਣੀ, ਫ਼ਲਦਾਰ ਅਤੇ ਛਾਂ ਵਾਲੇ 1100 ਪੌਦੇ ਲਗਵਾਏ ਗਏ। ਇਸ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਤੀ ਹੇਠਲੇ ਪਾਣੀ ਅਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸੂਬਾ ਭਰ ਵਿੱਚ ਹਰਿਆਵਲ ਲਹਿਰ ਚਲਾਈ ਗਈ ਹੈ। ਇਸ ਸੀਜਨ ਦੌਰਾਨ ਹਲਕਾ ਸੰਗਰੂਰ ਵਿੱਚ 50 ਹਜ਼ਾਰ ਨਵੇਂ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉੁਨਾਂ ਕਿਹਾ ਕਿ ਸਮੁੱਚੀ ਟੀਮ ਇਸ ਮੁਹਿੰਮ ਨੂੰ ਸੰਗਰੂਰ ਹਲਕੇ ਦੇ ਹਰ ਪਿੰਡ ਤੱਕ ਲੈ ਕੇ ਜਾ ਰਹੀ ਹੈ ਤਾਂ ਜੋ ਸੰਗਰੂਰ ਹਲਕੇ ਨੂੰ ਹਰਾ ਭਰਾ ਬਣਾਇਆ ਜਾ ਸਕੇ। ਇਸ ਮੌਕੇ ਵਣ ਵਿਭਾਗ ਦੇ ਅਧਿਕਾਰੀ ਸੀਮਾ ਰਾਣੀ,ਗੁਰਪ੍ਰੀਤ ਨਦਾਮਪੁਰ ਬਲਾਕ ਪ੍ਰਧਾਨ,ਵਿਕਰਮ ਨਕਟੇ, ਪ੍ਰਗਟ ਸਿੰਘ ਸਿੱਧੂ, ਗੁਰਮੀਤ ਕੌਰ, ਜਗਤਾਰ ਸਿੰਘ ਤੂਰ, ਸਮਸ਼ੇਰ ਸਿੰਘ, ਜਲ ਸਿੰਘ ਹਾਜ਼ਰ ਸਨ।
ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ
ਸਮਾਣਾ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ ): ਬਰਸਾਤ ਦੇ ਮੌਸਮ ਦੋਰਾਨ ਅੱਜ ਪਬਲਿਕ ਕਾਲਜ ਸਮਾਣਾ ਦੇ ਰਾਜਨੀਤੀ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਵਲੋਂ ਪ੍ਰਿੰਸੀਪਲ ਡਾ.ਜਤਿੰਦਰ ਦੇਵ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਇਸ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਵਾਤਾਵਰਨ ਪ੍ਰਤੀ ਜਾਗਰੂਕਤਾ ਆਉਣ ਵਾਲੇ ਸਮੇਂ ਵਿੱਚ ਸਮਾਜ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਡਾ. ਹਰਕੀਰਤਨ ਕੌਰ, ਡਾ. ਮੋਨੀਟਾ ਸਲੂਜਾ,ਪ੍ਰੋ. ਹਰਪ੍ਰੀਤ ਕੌਰ, ਡਾ. ਪੀਐੱਸ ਸੰਧੂ, ਪ੍ਰੋ. ਅਸ਼ਵਨੀ ਕੁਮਾਰ ਵਿਦਿਆਰਥੀ ਹਾਜ਼ਰ ਸਨ।