ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੁਲਾਈ
ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਰਾਜਸਥਾਨ ਦੇ ਸ਼ਹਿਰ ਜੋਧਪੁਰ ਵਿਖੇ ਸੀਨੀਅਰ (ਲੜਕੇ-ਲੜਕੀਆਂ) ਰੋਲਰ ਸਕੇਟਿੰਗ ਹਾਕੀ ਫੈਡਰੇਸ਼ਨ ਕੱਪ ਕਰਵਾਇਆ ਗਿਆ। ਇਸ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਡੀਐੱਸਓ ਨਵਦੀਪ ਸਿੰਘ ਔਜਲਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਪੰਜਾਬ ਵੱਲੋਂ ਸੀਨੀਅਰ ਲੜਕਿਆਂ ਦੀ ਟੀਮ ਨੇ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ ਅਤੇ ਸੀਨੀਅਰ ਲੜਕੀਆਂ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਲੜਕਿਆਂ ਦੀ ਟੀਮ ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੇ ਛੇ ਖਿਡਾਰੀ ਦਕਸ਼ਨੂਰ ਸਿੰਘ ਸਿੱਧੂ, ਪ੍ਰਣਵ ਮੰਡੋਰਾ, ਅਰਜੁਨ ਸਿੰਘ, ਗੁਰਸੇਵਕ ਸਿੰਘ ਚੀਮਾ, ਤਨਿਸ਼ ਗੋਇਲ, ਗੁਰਸ਼ੇਰ ਸਿੰਘ ਰਾਓ ਸ਼ਾਮਲ ਸਨ ਜਦੋਂਕਿ ਲੜਕੀਆਂ ਦੀ ਟੀਮ ਵਿਚ ਲਗਪਗ ਸਾਰੀਆਂ ਖਿਡਾਰਨਾਂ ਸੰਗਰੂਰ ਦੀਆਂ ਮਨਸੀਰਤ ਕੌਰ ਸਿੱਧੂ, ਚੈਰਲ ਗਰਗ, ਜਪਨਜੋਤ ਕੌਰ ਰਾਓ, ਸੁਕਰੀਤੀ, ਕਾਸ਼ਵੀ ਗੁਪਤਾ ਸ਼ਾਮਲ ਸਨ ਜਦੋਂ ਕਿ ਦੋ ਖਿਡਾਰਨਾਂ ਹੋਰ ਜ਼ਿਲ੍ਹਿਆਂ ਤੋਂ ਸਨ।