ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 21 ਅਗਸਤ
ਸਾਹਿਤ ਸਭਾ ਸੁਨਾਮ ਵੱਲੋਂ ਮਹੀਨਾਵਾਰ ਸਾਹਿਤਕ ਇਕੱਤਰਤਾ ਕਰਮ ਸਿੰਘ ਜ਼ਖ਼ਮੀ, ਡਾ. ਅਮਰੀਕ ਅਮਨ ਅਤੇ ਜਪਿੰਦਰ ਜਵੰਧਾ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਗਈ। ਇਸ ਮੌਕੇ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਸਭ ਤੋਂ ਵੱਧ ਬਰਬਾਦੀ ਝੱਲੀ ਹੈ। ਸਭਾ ਵਿੱਚ ਜਪਿੰਦਰ ਜਵੰਧਾ ਦਾ ਲਿਖਿਆ ਕਾਵਿ-ਸੰਗ੍ਰਹਿ ‘ਹਾਸਿਆਂ ਦੇ ਹੰਝੂ’ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਨੌਜਵਾਨ ਸ਼ਾਇਰ ਜਪਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ। ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਨਵੇਂ ਸ਼ਾਇਰਾਂ ਨੂੰ ਸਾਹਿਤ ਸਭਾਵਾਂ ਤੋਂ ਸੁਚੱਜੀ ਸੇਧ ਮਿਲਦੀ ਹੈ। ਇਸ ਮੌਕੇ ਜਪਿੰਦਰ ਸਿੰਘ ਜਵੰਧਾ ਨੇ ਆਪਣੀ ਪੁਸਤਕ ਅਤੇ ਲਿਖਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦਲਬਾਰਾ ਸਿੰਘ ਚੱਠੇ ਸੇਖਵਾਂ ਨੇ ਪੜ੍ਹੀਆਂ ਰਚਨਾਵਾਂ ਦਾ ਮੁਲਾਂਕਣ ਕੀਤਾ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਗੁਰਮੀਤ ਸੁਨਾਮੀ, ਮਿਲਖਾ ਸਿੰਘ ਸਨੇਹੀ, ਹਿਤੇਸ਼ ਗਰਗ, ਸੁਰੇਸ਼ ਚੌਹਾਨ, ਦਰਸ਼ਨ ਥਿੰਦ ਅਤੇ ਰਜਿੰਦਰ ਸਿੰਘ ਰਾਜਨ ਨੇ ਖੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਵਾਈ।