ਰਾਜਿੰਦਰ ਜੈਦਕਾ
ਅਮਰਗੜ੍ਹ, 29 ਮਈ
ਪਿੰਡ ਨਾਰੀਕੇ ਕਲਾਂ ਦਾ ਇੱਕ ਪਰਿਵਾਰ ਘਰ ਢਹਿ ਜਾਣ ਕਾਰਨ ਨੀਲੀ ਛੱਤ ਥੱਲੇ ਦਿਨ ਕੱਟਣ ਲਈ ਮਜਬੂਰ ਹੈ। ਗਰੀਬ ਪਰਿਵਾਰ ਦੀ ਨਾ ਤਾਂ ਕਿਸੇ ਪਿੰਡ ਵਾਸੀ ਤੇ ਨਾ ਹੀ ਕਿਸੇ ਸਮਾਜ ਸੇਵੀ ਨੇ ਬਾਂਹ ਫੜੀ ਹੈ। ਨਿੱਤ ਦੀ ਰੋਟੀ ਕਮਾ ਕੇ ਖਾਣ ਵਾਲਾ ਇਹ ਪਰਿਵਾਰ ਘਰ ਪਾਉਣ ਤੋਂ ਅਸਮਰੱਥ ਹੈ। ਪੀੜਤ ਪਰਿਵਾਰ ਤਪਦੀ ਦੁਪਿਹਰ ਆਂਢ-ਗੁਆਢ ਜਾਂ ਕਿਸੇ ਦਰਖਤ ਥੱਲੇ ਬਿਤਾ ਰਿਹਾ ਹੈ। ਮਕਾਨ ਦੀ ਹਾਲਤ ਇਹ ਹੈ ਕਿ ਆਲੇ ਦੁਆਲੇ ਦੀਆਂ ਸਾਰੀਆਂ ਕੰਧਾਂ ਵੀ ਤਰੇੜਾਂ ਖਾ ਗਈਆਂ ਹਨ ਤੇ ਕਦੇ ਵੀ ਡਿੱਗ ਸਕਦੀਆਂ ਹਨ।
ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਕਮਰੇ ਵਿਚ ਕੰਮ ਕਰ ਰਹੀ ਸੀ ਤਾਂ ਛੱਤ ਡਿੱਗ ਗਈ। ਦੀਵਾਰ ਨਜ਼ਦੀਕ ਹੋਣ ਕਾਰਨ ਭਾਵੇਂ ਉਸ ਦੇ ਸੱਟਾਂ ਲੱਗੀਆਂ ਪਰ ਉਸ ਦੀ ਜ਼ਿੰਦਗੀ ਬਚ ਗਈ। ਰੌਲਾ ਪਾਉਣ ’ਤੇ ਗੁਆਂਢੀਆਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ। ਉਸ ਦੇ ਘਰ ਦਾ ਸਾਰਾ ਰਸੋਈ ਦਾ ਸਾਮਾਨ, ਗੈਸੀ ਚੁੱਲ੍ਹਾ, ਫਰਿੱਜ, ਮੰਜੇ, ਬਿਸਤਰੇ ਤੇ ਹੋਰ ਜ਼ਰੂਰੀ ਸਮਾਨ ਛੱਤ ਥੱਲੇ ਆ ਕੇ ਟੁੱਟ ਗਿਆ। ਉਸ ਦੇ ਪਤੀ ਹਰਬੰਸ ਸਿੰਘ ਦਾ ਕੁਝ ਸਮਾਂ ਪਹਿਲਾਂ ਚੂਲਾ ਟੁੱਟ ਗਿਆ ਸੀ। ਥੋੜ੍ਹੇ ਦਿਨ ਪਹਿਲਾਂ ਹੀ ਉਹ ਮਜ਼ਦੂਰੀ ’ਤੇ ਜਾਣ ਲੱਗਿਆ ਹੈ। ਇੱਕ ਬੇਟਾ ਪੜ੍ਹਾਈ ਕਰਕੇ ਕੰਮ ਸਿੱਖ ਰਿਹਾ ਹੈ। ਪਤੀ ਦੀ ਮਜ਼ਦੂਰੀ ਨਾਲ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਚੱਲਦਾ ਹੈ ਜਿਸ ਕਰਕੇ ਉਹ ਘਰ ਪਾਉਣ ਦੀ ਤਾਂ ਸੋਚ ਵੀ ਨਹੀਂ ਸਕਦੇ। ਪੀੜਤ ਪਰਿਵਾਰ ਨੇ ਸਮਾਜ ਸੇਵੀ ਲੋਕਾਂ ਤੇ ਸੰਸਥਾਵਾਂ ਨੂੰ ਸਹਾਇਤਾ ਕਰਨ ਦੀ ਬੇਨਤੀ ਕੀਤੀ ਹੈ।