ਮਹਿੰਦਰ ਕੌਰ ਮੰਨੂ
ਸੰਗਰੂਰ, 25 ਨਵੰਬਰ
ਜੁਆਇੰਟ ਫੋਰਮ ਵੱਲੋਂ ਪਾਵਰਕੌਮ ਮੈਨੇਜਮੈਂਟ ਵਿਰੁੱਧ ਲੜੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਸ਼ਹਿਰ ਦੇ ਬਿਜਲੀ ਕਾਮਿਆਂ ਨੇ ਮੋਟਰਸਾਈਕਲ ਰੈਲੀ ਕੀਤੀ। ਇਹ ਰੈਲੀ ਰਣਬੀਰ ਕਲੱਬ ਤੋਂ ਸ਼ੁਰੂ ਹੋ ਕੇ ਬਰਨਾਲਾ ਕੈਂਚੀਆਂ ਅਤੇ ਸ਼ਹਿਰ ਦੀ ਮੁੱਖ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਸੋਹੀਆ ਰੋਡ ਗਰਿੱਡ ਅੱਗੇ ਸਮਾਪਤ ਹੋਈ। ਰੈਲੀ ਦੀ ਅਗਵਾਈ ਕਰਦਿਆਂ ਸਰਕਲ ਸਕੱਤਰ ਟੀ.ਐੱਸ.ਯੂ. ਯਸ਼ਪਾਲ ਸ਼ਰਮਾ, ਪ੍ਰਧਾਨ ਪਰਵਿੰਦਰ ਸਿੰਘ, ਸਕੱਤਰ ਜਗਦੇਵ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ, ਜੋਗਾ ਸਿੰਘ, ਪਰਮਪਾਲ ਸਿੰਘ ਅਤੇ ਗੁਰਮੀਤ ਆਦਿ ਬੁਲਾਰਿਆਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਮੀਟਿੰਗਾਂ ਕਰ ਰਹੀ ਹੈ, ਪਰ ਕੋੋਈ ਸਮਝੌਤਾ ਸਿਰੇ ਨਹੀਂ ਲੱਗ ਰਿਹਾ।
ਬੁਲਾਰਿਆਂ ਕਿਹਾ ਕਿ ਬਿਜਲੀ ਮਹਿਕਮਾ ਮੁੱਖ ਮੰਤਰੀ ਕੋਲ ਹੁੰਦੇ ਹੋਏ ਵੀ ਉਹ ਸੰਘਰਸ਼ ਪ੍ਰਤੀ ਅੱਖਾਂ ਬੰਦ ਕਰਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹਨੇਰੇ ਵਿੱਚ ਡੁੱਬਣ ਤੋਂ ਬਚਾਉਣ ਲਈ ਮੁੱਖ ਮੰਤਰੀ ਚੰਨੀ ਨਿੱਜੀ ਦਖਲ ਦੇ ਕੇ ਕੀਤੇ ਸਮਝੌਤੇ, ਪਾਵਰਕੌਮ ਮੈਨੇਜਮੈਂਟ ਤੋਂ ਲਾਗੂ ਕਰਵਾਉਣੇ ਚਾਹੀਦੇ ਹਨ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ|
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਸਾਂਝੇ ਫੋਰਮ ਦੇ ਸੱਦੇ ’ਤੇ ਸਬ ਡਿਵੀਜ਼ਨ ਲੌਂਗੋਵਾਲ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਟੀ.ਐੱਸ.ਯੂ. ਦੱਖਣੀ ਜ਼ੋਨ ਪਟਿਆਲਾ ਦੇ ਸਕੱਤਰ ਬਲਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੁਲਾਜ਼ਮਾਂ ਦੇ ਪੇਅ ਬੈਂਡ ਦਾ ਮਸਲਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ 23 ਸਾਲਾ ਸਕੇਲ ਅਤੇ ਓਵਰ ਟਾਇਮ ਆਦਿ ਕਾਫੀ ਮਸਲਿਆਂ ਨੂੰ ਵਾਰ-ਵਾਰ ਮੰਨ ਕੇ ਪਾਵਰਕੌਮ ਮੈਨੇਜਮੈਂਟ ਮੁੱਕਰ ਜਾਂਦੀ ਹੈ। ਇਸ ਦੇ ਵਿਰੋਧ ਬਿਜਲੀ ਕਾਮੇ 15 ਤੋਂ 26 ਨਵੰਬਰ ਤੱਕ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਟੀ.ਐੱਸ.ਯੂ. ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਡਵੀਜ਼ਨ ਸੱਕਤਰ ਵਰਿੰਦਰ ਕੁਮਾਰ, ਲਵਜੋਤ ਸ਼ਰਮਾ, ਜਰਨੈਲ ਸਿੰਘ, ਲੱਕੀ ਸ਼ਰਮਾ, ਮਨਦੀਪ ਸ਼ਰਮਾ, ਰਵੀ ਸ਼ਰਮਾ, ਉਂਕਾਰ ਸਿੰਘ, ਸਵਿੰਦਰ ਸਿੰਘ, ਵੀਰਪਾਲ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਰਘਵੀਰ ਚੰਦ, ਗਗਨਦੀਪ ਸਿੰਘ, ਤਰਸੇਮ ਸਿੰਘ, ਰਜਿੰਦਰ ਸਿੰਘ, ਕੁਲਦੀਪ ਸਿੰਘ, ਕਰਨੈਲ ਸਿੰਘ ਅਤੇ ਲਖਵੀਰ ਸਿੰਘ ਹਾਜ਼ਰ ਸਨ।