ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਜੂਨ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਅਕਾਲੀ ਦਲ ਦੀ ਸਿਰਜਣਾ ਲਈ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਸਮੁੱਚੇ ਪੰਜਾਬ ਅੰਦਰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੇਂ ਅਕਾਲੀ ਦਲ ਦੀ ਸਿਰਜਣਾ ਦਾ ਮੁੱਢਲਾ ਪੜਾਅ ਮੁਕੰਮਲ ਹੋ ਚੁੱਕਾ ਹੈ। ਮਾਲਵਾ, ਮਾਝਾ ਤੇ ਦੁਆਬਾ ਅੰਦਰ ਬਹੁਤ ਸਾਰੇ ਆਗੂਆਂ ਤੇ ਯੂਥ ਅਕਾਲੀ ਨੇਤਾਵਾਂ ਨੇ ਬਾਦਲ ਛੱਡੋ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ ਅੱਗੇ ਆ ਕੇ ਕਾਰਜ ਕਰਨ ਦਾ ਅਹਿਦ ਲਿਆ ਹੈ। ਸ੍ਰੀ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰਵਾਇਤਾਂ ਤੇ ਸਿਧਾਂਤਕ ਰਾਹਾਂ ਉੱਤੇ ਤੋਰਨ ਲਈ ਸ਼ੁਰੂ ਕੀਤੀ ਮੁਹਿੰਮ ਅਚਾਨਕ ਕਰੋਨਾ ਮਹਾਮਾਰੀ ਦੇ ਸੰਕਟ ਕਾਰਨ ਰੋਕਣੀ ਪਈ ਸੀ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਰੂਪ ਸਿੰਘ ਢੇਸੀ, ਰਾਜਿੰਦਰ ਸਿੰਘ ਰਾਜਾ (ਮੁਕਤਸਰ) ਤੇ ਹੋਰ ਕਈ ਸ਼ਖ਼ਸੀਅਤਾਂ ਨੇ ਸ੍ਰੀ ਢੀਂਡਸਾ ਦੇ ਕਾਫ਼ਲੇ ਨੂੰ ਅੱਗੇ ਤੋਰਦਿਆਂ ਮਜ਼ਬੂਤ ਲਹਿਰ ਉਸਾਰਨ ਲਈ ਜਦੋ-ਜ਼ਹਿਦ ਸ਼ੁਰੂ ਕਰ ਦਿੱਤੀ ਹੈ। ਸ੍ਰੀ ਢੀਂਡਸਾ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵੇਲੇ ਬਹੁਤ ਗਿਣਤੀ ਨੌਜਵਾਨਾਂ ਦੀ ਸੋਚ ਸਾਡੇ ਨਾਲ ਹੈ, ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਛੇਤੀ ਹੀ ਆਨ-ਲਾਈਨ ਮੀਟਿੰਗਾਂ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਵੇਂ ਅਕਾਲੀ ਦਲ ਦੀ ਸਿਰਜਣਾ ਨਾਲ ਪੰਜਾਬ ਦੀ ਰਾਜਨੀਤੀ ’ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਹਰੀਕਾ, ਗਿਆਨ ਸਿੰਘ ਤੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।