ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ 15-16 ਅਕਤੂਬਰ ਨੂੰ ਕੀਤੇ ਜਾ ਰਹੇ ਦੂਸਰੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਅੱਜ ਇੱਥੇ ਬਿਗੜਵਾਲ ’ਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਸਕੱਤਰ ਧਰਮਪਾਲ ਸਿੰਘ ਨੇ ਕਿਹਾ ਕਿ ਇਜਲਾਸ ਦੌਰਾਨ ਪੇਂਡੂ ਮਜ਼ਦੂਰਾਂ ਦੇ ਹੱਕ ਦਿਵਾਉਣ ਲਈ ਨੀਤੀਆਂ ਘੜੀਆਂ ਜਾਣਗੀਆਂ। ਆਗੂ ਨੇ ਕਿਹਾ ਕਿ ਜਥੇਬੰਦੀ ਦਾ ਐਲਾਨਨਾਮਾ ਅਤੇ ਸੰਵਿਧਾਨ, ਪਿਛਲੇ ਕੁਝ ਦਹਾਕਿਆਂ ’ਚ ਆਈਆਂ ਗਿਣਨਯੋਗ ਤਬਦੀਲੀਆਂ ਅਤੇ ਜ਼ਮੀਨੀ ਘੋਲ ਦੇ ਚੱਲ ਰਹੇ ਤਜਰਬੇ ਦਾ ਨਿਚੋੜ ਇਜਲਾਸ ਵਿੱਚ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਇਜਲਾਸ ਦਾ ਮੁੱਖ ਵਿਸ਼ਾ ਹੁਣ ਤੱਕ ਹੋਏ ਸੰਘਣੇ ਜਮਾਤੀ ਜ਼ਮੀਨੀ ਘੋਲਾਂ ਉੱਪਰ ਰਹੇਗਾ। ਇਸ ਤੋਂ ਇਲਾਵਾ ਵਿੱਤੀ-ਨੀਤੀ ਅਤੇ ਫੰਡ ਦਾ ਹਿਸਾਬ-ਕਿਤਾਬ, ਸਿਆਸੀ ਮਤੇ ਅਤੇ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਆਗੂ ਨੇ ਦੱਸਿਆ ਕਿ ਇਜਲਾਸ ਅੰਦਰ ਪੰਜਾਬ ਦੇ 9 ਜ਼ਿਲ੍ਹਿਆਂ ਤੋਂ 250 ਤੋਂ ਵਧੇਰੇ ਡੈਲੀਗੇਟ ਹਿੱਸਾ ਲੈਣਗੇ। ਰੈਲੀ ਵਿੱਚ ਬਲਬੀਰ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ।