ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਜੁਲਾਈ
ਪਿੰਡ ਲਹਿਲ ਖੁਰਦ ਦੇ ਲੋਕਾਂ ਨੇ ਪਹਿਲੀ ਅਗਸਤ ਤੋਂ ਸਰਕਾਰੀ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਕਰਕੇ ਉਹ ਆਪਣੇ ਬੱਚਿਆਂ/ਵਿਦਿਆਰਥੀਆਂ ਸਮੇਤ ਸਕੂਲ ਬੰਦ ਕਰਕੇ ਅਣਮਿੱਥੇ ਸਮੇਂ ਲਈ ਧਰਨੇ ਉਤੇ ਬੈਠਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ/ਉਗਰਾਹਾਂ) ਪਿੰਡ ਇਕਾਈ ਦੇ ਪ੍ਰਧਾਨ ਜਗਦੀਪ ਸਿੰਘ, ਗੁਰਵਿੰਦਰ ਸਿੰਘ ਸਰਪੰਚ, ਸਮੂਹ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਉਨ੍ਹਾਂ ਇਹ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਦੇ ਸਹਿਯੋਗ ਨਾਲ ਮੀਟਿੰਗ ਕਰਕੇ (ਡੀਓ) ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਣ ਲਈ ਸੰਗਰੂਰ ਗਏ ਸਨ, ਪਰ ਉਹ ਇਸ ਮਸਲੇ ਬਾਰੇ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੋਏ ਅਤੇ ਨਾ ਹੀ ਕੋਈ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਲਹਿਲ ਖੁਰਦ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਧਰਨੇ ਮੁਜ਼ਾਹਰੇ ਕੀਤੇ ਗਏ, ਪਰ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ‘ਆਪ’ ਦੇ ਲਹਿਰਾਗਾਗਾ ਹਲਕੇ ਦੇ ਮੌਜੂਦਾ ਵਿਧਾਇਕ ਵਕੀਲ ਵਰਿੰਦਰ ਗੋਇਲ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦਾ ਵਾਅਦਾ ਕਰ ਕੇ ਗਏ ਸਨ, ਪਰ ਅਜੇ ਤੱਕ ਕੋਈ ਟੀਚਰ ਸਕੂਲ ਵਿੱਚ ਨਿਯੁਕਤ ਨਹੀਂ ਕੀਤਾ ਗਿਆ। ਬੱਚਿਆਂ ਦੇ ਮਾਪੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ( ਏਕਤਾ/ਉਗਰਾਹਾਂ) ਦੇ ਝੰਡੇ ਹੇਠ ਪੂਰੇ ਪਿੰਡ ਦੇ ਸਹਿਯੋਗ ਨਾਲ ਅਣਮਿੱਥੇ ਸਮੇਂ ਲਈ ਸਕੂਲ ਬੰਦ ਕਰਕੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।