ਪੱਤਰ ਪ੍ਰੇਰਕ
ਸ਼ੇਰਪੁਰ, 25 ਮਈ
ਸਦਰ ਪੁਲੀਸ ਨੇ ਡਾਕਟਰ ਭੀਮ ਰਾਓ ਅੰਬੇਡਕਾਰ ਮਿਸ਼ਨ ਪੰਜਾਬ ਦੇ ਪ੍ਰਧਾਨ ਜਗਸੀਰ ਘਨੌਰ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕਰ ਲਿਆ। ਯਾਦ ਰਹੇ ਕਿ ਤਕਰੀਬਨ 20 ਦਿਨ ਪਹਿਲਾਂ ਉਕਤ ਆਗੂ ’ਤੇ ਪਰਚਾ ਹੋਇਆ ਜਿਸ ਮਗਰੋਂ ਉਹ ਰੂਪੋਸ਼ ਸੀ।
ਜਾਣਕਾਰੀ ਅਨੁਸਾਰ ਲੰਘੀ 5 ਮਈ ਨੂੰ ਪਿੰਡ ਅਲਾਲ ਦੇ ਗੁਰਮੇਲ ਸਿੰਘ ਦੇ ਬਿਆਨਾਂ ’ਤੇ ਪੁਲੀਸ ਨੇ ਉਕਤ ਆਗੂ ਵਿਰੁੱਧ ਥਾਣਾ ਸਦਰ ’ਚ ਪਰਚਾ ਦਰਜ ਕੀਤਾ ਸੀ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੁਦਈ ਨੇ ਮਜ਼ਦੂਰ ਆਗੂ ਘਨੌਰ ’ਤੇ ਆਪਣੇ ਸੀਰੀ ਤੋਂ ਝੂਠੀਆਂ ਖ਼ਬਰਾਂ ਲਗਵਾਏ ਜਾਣ, ਬਕਾਇਆ ਰਕਮ ਮੁਕਰਾਉਣ, ਐੱਸਸੀਐੱਸਟੀ ਐਕਟ ਪਰਚਾ ਦਰਜ ਕਰਵਾਏ ਜਾਣ ਦਾ ਡਰਾਵਾ ਦੇ ਕੇ ਪੰਜ ਹਜ਼ਾਰ ਰੁਪਏ ਲੈਣ, ਬਲੈਕਮੇਲਿੰਗ ਸਮੇਤ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ।
ਐੱਸਐੱਸਓ ਸਦਰ ਸੁਖਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਗਸੀਰ ਘਨੌਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਜੁਡੀਸ਼ਲ ਰਿਮਾਂਡ ’ਤੇ ਭੇਜਿਆ ਗਿਆ ਹੈ।