ਨਿਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ, 26 ਅਕਤੂਬਰ
ਗੁਰੂ ਗੋਬਿੰਦ ਸਟੱਡੀ ਸਰਕਲ ਵੱਲੋਂ ਸਥਾਪਨਾ ਦੇ 50ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਨੈਤਿਕ ਸਿੱਖਿਆ ਇਮਤਿਹਾਨ ਦੇ ਸੰਗਰੂਰ ਖੇਤਰ ਦਾ ਇਨਾਮ ਵੰਡ ਸਮਾਰੋਹ ਫ਼ਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਸਾਹਿਬ ਵਿੱਚ ਕਰਵਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਰਾਜਵੀਰ ਕੌਰ, ਮਨਦੀਪ ਕੌਰ ਅਧਿਆਪਕ ਇੰਚਾਰਜ ਸੁਰਿੰਦਰਪਾਲ ਸਿੰਘ ਸਿਦਕੀ ਤੇ ਅਜਮੇਰ ਸਿੰਘ ਦੀ ਦੇਖ ਰੇਖ ਹੋਏ ਇਸ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੁਲਤਰਨਜੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਪ੍ਰਤਾਪ ਸਿੰਘ ਧਾਲੀਵਾਲ ਸਕੂਲ ਡਾਇਰੈਕਟਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ| ਸਮਾਰੋਹ ਦੀ ਅਰੰਭਤਾ ਦੀਪਇੰਦਰ ਸਿੰਘ ਸੰਗੀਤ ਅਧਿਆਪਕ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਸ਼ਬਦ ਗੁਰਬਾਣੀ ਨਾਲ ਕੀਤੀ| ਡਿਪਟੀ ਚੀਫ਼ ਆਰਗਨਾਈਜ਼ਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਇਸ ਮੌਕੇ ਇਮਤਿਹਾਨ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਮਾਨਸਾ ਜ਼ੋਨ ਵਿਚ 4000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ| ਡਿਪਟੀ ਡਾਇਰੈਕਟਰ ਅਜਮੇਰ ਸਿੰਘ, ਕੁਲਵੰਤ ਸਿੰਘ ਨਾਗਰੀ ਜ਼ੋਨ ਸਕੱਤਰ, ਲਾਭ ਸਿੰਘ ਡਿਪਟੀ ਚੀਫ ਆਰਗੇਨਾਈਜ਼ਰ ਨੇ ਕੇਂਦਰੀ ਦਫ਼ਤਰ ਵੱਲੋਂ ਸਥਾਪਨਾ ਦਿਵਸ ਨੂੰ ਸਮਰਪਿਤ ਕੀਤੇ ਵਿਸ਼ੇਸ਼ ਪ੍ਰੋਗਰਾਮ ਅਤੇ ਜ਼ੋਨ ਪੱਧਰ ’ਤੇ ਹੋਈਆਂ ਕਾਰਜਵਿਧੀਆਂ ਬਾਰੇ ਦੱਸਿਆ। ਮੁੱਖ ਮਹਿਮਾਨ ਡਾ. ਕੁਲਤਰਨਜੀਤ ਸਿੰਘ ਨੇ ਸਟੱਡੀ ਸਰਕਲ ਨੂੰ 50 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਇਮਤਿਹਾਨ ਅਨੁਸਾਰ ਜੇਤੂ ਵਿਦਿਆਰਥੀਆਂ ਨੂੰ 2,000-1500 ਅਤੇ 1000-500 ਰੁਪਏ ਦੇ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤੇ ਗਏ|