ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 27 ਅਕਤੂਬਰ
ਪਿਛਲੇ ਲੰਬੇ ਸਮੇਂ ਤੋਂ ਆਰਟੀਓ ਸੰਗਰੂਰ ਦੀ ਅਸਾਮੀ ਖਾਲੀ ਹੋਣ ਕਾਰਨ ਪ੍ਰੇਸ਼ਾਨ ਹੋਏ ਟਰੱਕ ਅਪਰੇਟਰਾਂ ਨੇ ਅੱਜ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਲ ਇੰਡੀਆ ਟਰੱਕ ਅਪਰੇਟਰਜ਼ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਆਰਟੀਓ ਸੰਗਰੂਰ ਦੀ ਅਹੁਦੇ ’ਤੇ ਕਿਸੇ ਵੀ ਅਧਿਕਾਰੀ ਦੀ ਸਥਾਈ ਤੌਰ ’ਤੇ ਨਿਯੁਕਤੀ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਹੀ ਅਧਿਕਾਰੀ ਦੀ ਬਦਲੀ ਹੋ ਜਾਂਦੀ ਹੈ ਜਾਂ ਉਹ ਛੁੱਟੀ ਲੈ ਕੇ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਰਟੀਓ ਨਾ ਹੋਣ ਕਾਰਣ ਟਰੱਕ ਅਪਰੇਟਰਾਂ ਦੇ ਟੈਕਸ ਭਰਨ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾਉਣ ਦੇ ਕੰਮ ਠੱਪ ਹੋਏ ਪਏ ਹਨ ਜਿਸ ਕਾਰਨ ਟਰੱਕਾਂ ਨੂੰ ਢੋਆ-ਢੁਆਈ ਲਈ ਭਾੜੇ ’ਤੇ ਲਾਉਣ ਵਿੱਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ ਕਿਹਾ ਕਿ ਜੇਕਰ ਆਰਟੀਓ ਦੀ ਪੱਕੀ ਨਿਯੁਕਤੀ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸੇ ਦੌਰਾਨ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਟਰੱਕ ਅਪਰੇਟਰਾਂ ਦੀ ਸਮੱਸਿਆ ਜਲਦੀ ਹੀ ਹੱਲ ਕਰ ਦਿੱਤੀ ਜਾਵੇਗੀ।