ਪੱਤਰ ਪ੍ਰੇਰਕ
ਰਾਜਪੁਰਾ, 28 ਅਕਤੂਬਰ
ਰਾਜਪੁਰਾ ਅਤੇ ਘਨੌਰ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੋਣ ਦੌਰਾਨ ਰਾਜਪੁਰਾ ਦੀਆਂ ਮੰਡੀਆਂ ਵਿੱਚ ਅੱਜ ਸ਼ਾਮ ਤੱਕ 12 ਲੱਖ 19 ਹਜ਼ਾਰ 440 ਕੁਇੰਟਲ ਝੋਨੇ ਦੀ ਖਰੀਦ ਹੋਈ ਪਰ ਇਸ ਵਿੱਚੋਂ ਕੇਂਦਰੀ ਖਰੀਦ ਏਜੰਸੀ ਐਫ.ਸੀ.ਆਈ ਵੱਲੋਂ ਇੱਕ ਕਿੱਲੋ ਵੀ ਝੋਨਾ ਨਹੀਂ ਖਰੀਦਿਆ ਗਿਆ। ਜਦੋਂ ਕਿ ਘਨੌਰ ਦੀਆਂ ਮੰਡੀਆਂ ਵਿੱਚ ਅੱਜ ਤੱਕ ਆਮਦ ਹੋਈ 5 ਲੱਖ 98 ਹਜ਼ਾਰ 444 ਕੁਇੰਟਲ ਝੋਨੇ ਵਿੱਚੋਂ ਕੇਂਦਰੀ ਖਰੀਦ ਏਜੰਸੀ ਐਫ.ਸੀ.ਆਈ ਵੱਲੋਂ ਇਸ ਮਹੀਨੇ ਦੌਰਾਨ ਕੇਵਲ 2450 ਕੁਇੰਟਲ ਝੋਨੇ ਦੀ ਖਰੀਦ ਕੀਤੀ ਗਈ। ਮਾਰਕੀਟ ਕਮੇਟੀ ਰਾਜਪੁਰਾ ਅਤੇ ਘਨੌਰ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਵੱਲੋਂ ਖਰੀਦੇ ਗਏ ਝੋਨੇ ਦੀ 70 ਤੋਂ 80 ਫੀਸਦੀ ਚੁਕਾਈ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਰਾਜਪੁਰਾ ਅਤੇ ਘਨੌਰ ਦੀਆਂ ਮੰਡੀਆਂ ਵਿੱਚੋਂ ਰਾਜ ਦੀਆਂ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਚੁਕਾਈ ਨਾ ਹੋਣ ਕਾਰਨ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਜਿਸ ਕਾਰਨ ਘਨੌਰ ਦੇ ਮੁੱਖ ਯਾਰਡ, ਅਨਾਜ ਖਰੀਦ ਕੇਂਦਰ ਚੱਪੜ ਅਤੇ ਮਰਦਾਂਪੁਰ ਸਮੇਤ ਹੋਰਨਾਂ ਕੁਝ ਅਨਾਜ ਖਰੀਦ ਕੇਂਦਰਾਂ ਵਿੱਚ ਝੋਨੇ ਦੀ ਫਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਥਾਂ ਦੀ ਘਾਟ ਕਾਰਨ ਝੋਨੇ ਦੀ ਫਸਲ ਦੀਆਂ ਢੇਰੀਆਂ ਮੰਡੀਆਂ ਨੇੜਲੀ ਕੱਚੀ ਥਾਵਾਂ ’ਤੇ ਲਗਾਉਣੀਆਂ ਪੈ ਰਹੀਆਂ ਹਨ।
ਅਦਾਇਗੀ ’ਚ ਦੇਰੀ ਬਾਰੇ ਰਿਪੋਰਟ ਮੰਗੀ: ਵਿਵੇਕ ਪ੍ਰਤਾਪ ਸਿੰਘ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ-ਕਮ-ਜ਼ਿਲ੍ਹਾ ਪਟਿਆਲਾ ਦੇ ਪ੍ਰਭਾਰੀ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਕੀ ਸੇਵਾਵਾਂ ਅਤੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਲੋਕਾਂ ਨੂੰ ਸਮੁੱਚੀਆਂ ਪ੍ਰਸ਼ਾਸਕੀ ਸੇਵਾਵਾਂ ਪਾਰਦਰਸ਼ੀ ਤੇ ਬਿਹਤਰ ਢੰਗ ਨਾਲ ਸਮੇਂ ਸਿਰ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਡੀਐਫਐਸਸੀ ਨੂੰ ਖਰੀਦ ਕੀਤੀ ਫ਼ਸਲ ਦੀ 24 ਘੰਟੇ ’ਚ ਅਦਾਇਗੀ ਤੇ 48 ਘੰਟਿਆਂ ਵਿੱਚ ਲਿਫਟਿੰਗ ਯਕੀਨੀ ਬਣਾਉਣ ਸਮੇਤ ਕਿਸੇ ਵੀ ਕਿਸਾਨ ਨੂੰ ਅਦਾਇਗੀ ਵਿੱਚ ਹੋਈ ਦੇਰੀ ਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਕੀਤੇ। ਸ੍ਰੀ ਸਿੰਘ ਨੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਉਪਰ ਕਾਬੂ ਪਾਉਣ ਲਈ ਵੀ ਕਿਹਾ।