ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਮਾਰਚ
ਇੱਥੋਂ ਨੇੜਲੇ ਪਿੰਡ ਭਰਾਜ ਦੀ ਜੰਮਪਲ ਤੇ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਤੋਂ 35825 ਵੋਟਾਂ ਦੇ ਫ਼ਰਕ ਨਾਲ ਜਿੱਤਣ ਦੀ ਖੁਸ਼ੀ ਵਿੱਚ ਭਵਾਨੀਗੜ੍ਹ ਸ਼ਹਿਰ ਤੇ ਪਿੰਡ ਭਰਾਜ ਵਿੱਚ ਜਸ਼ਨ ਮਨਾਏ ਗਏ।
ਦੱਸਣਯੋਗ ਹੈ ਕਿ ਭਗਵੰਤ ਮਾਨ ਵੱਲੋਂ ਪਹਿਲੀ ਵਾਰ ਲੜੀ ਗਈ ਐੱਮਪੀ ਚੋਣ ਦੌਰਾਨ ਨਰਿੰਦਰ ਕੌਰ ਭਰਾਜ ਉਸ ਸਮੇਂ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਚਰਚਿਤ ਹੋਈ ਸੀ ਜਦੋਂ ਉਸ ਦੇ ਪਿੰਡ ਵਿੱਚ ਵਿਰੋਧੀ ਧਿਰਾਂ ਨੇ ਡਰਾ ਧਮਕਾ ਕੇ ਭਗਵੰਤ ਮਾਨ ਦਾ ਪੋਲਿੰਗ ਬੂਥ ਲੱਗਣ ਨਹੀਂ ਦਿੱਤਾ ਸੀ ਤਾਂ ਨਰਿੰਦਰ ਕੌਰ ਭਰਾਜ ਖ਼ੁਦ ਪੋਲਿੰਗ ਏਜੰਟ ਬਣ ਕੇ ਬੂਥ ’ਤੇ ਬੈਠੀ ਸੀ। ਇਸ ਤਰ੍ਹਾਂ ਨਰਿੰਦਰ ਕੌਰ ਭਰਾਜ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਬੂਥ ਏਜੰਟ ਬਣੀ ਸੀ। ਇਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਪਿਛਲੇ ਦਸ ਸਾਲਾਂ ਤੋਂ ਪਾਰਟੀ ਵਿੱਚ ਪੰਜਾਬ ਪੱਧਰ ’ਤੇ ਸਰਗਰਮੀਆਂ ਵਿੱਚ ਸ਼ਾਮਲ ਰਹੀ ਹੈ। ਅੱਜ ਚੋਣ ਨਤੀਜਿਆਂ ਉਪਰੰਤ ਇੱਥੇ ਸ਼ਹਿਰ ਦੇ ਮੁੱਖ ਮਾਰਗ ’ਤੇ ਸਥਿਤ ਨਰਿੰਦਰ ਭਰਾਜ ਦੇ ਚੋਣ ਦਫ਼ਤਰ ਅੱਗੇ ਭੰਗੜੇ ਪਾਏ ਗਏ ਅਤੇ ਬਾਜ਼ਾਰ ਵਿੱਚ ਲੱਡੂ ਵੰਡੇ ਗਏ। ਪਿੰਡ ਭਰਾਜ ਦੇ ਲੋਕਾਂ ਨੇ ਆਪਣੀ ਧੀ ਦੀ ਜਿੱਤ ਦੀ ਖੁਸ਼ੀਆਂ ਮਨਾਈਆਂ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਤੋਂ ‘ਆਪ’ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਨੇ ਰਿਕਾਰਡ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਪਠਾਣਮਾਜਰਾ ਹਲਕਾ ਸਨੌਰ ਦੇ ਉਮੀਦਵਾਰ ਹਲਕੇ ਦੇ ਹੀ ਉਮੀਦਵਾਰ ਹਨ ਜਿਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਹਲਕਾ ਸਨੌਰ ਦੇ ਵੱਖ-ਵੱਖ ਕਸਬਿਆਂ ਦੇਵੀਗੜ੍ਹ, ਭੁਨਰਹੇੜੀ, ਬਲਬੇੜਾ, ਸਨੌਰ, ਰੋਹੜ ਜਗੀਰ ਅਤੇ ਪਿੰਡਾਂ ਵਿੱਚ ਲੱਡੂ ਵੰਡੇ ਅਤੇ ਭੰਗੜੇ ਪਾਏ ਗਏ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਮੰਗ ਪੂਰੀ ਹੋਈ ਹੈ। ਇਸ ਮੌਕੇ ਹਰਮੀਤ ਸਿੰਘ ਪਠਾਣਮਾਜਰਾ ਦੀ ਇਤਿਹਾਸਕ ਜਿੱਤ ’ਤੇ ਸਿਮਰਨਜੀਤ ਸਿੰਘ ਸੋਹਲ, ਸੁਰਿੰਦਰ ਮਿੱਤਲ ਬਲਬੇੜਾ, ਡਾ. ਰਣਜੀਤ ਸੰਧੂ, ਡਾ. ਗੁਰਮੀਤ ਬਿੱਟੂ, ਮਨਿੰਦਰ ਫਰਾਂਸਵਾਲਾ, ਸਿਮਰਦੀਪ ਬਰਕਤਪੁਰ, ਹਰਦੇਵ ਸਿੰਘ ਘੜਾਮ, ਬਲਦੇਵ ਸਿੰਘ ਦੇਵੀਗੜ, ਧੰਜੂ ਦੇਵੀਗੜ੍ਹ, ਰਣਜੋਧ ਸਿੰਘ ਹਡਾਣਾ, ਇੰਦਰਜੀਤ ਸਿੰਘ ਸੰਧੂ, ਪ੍ਰਗਟ ਸਿੰਘ ਰੱਤਾਖੇੜਾ, ਚਰਨਜੀਤ ਸਿੰਘ ਭੈਣੀ, ਸੋਨੀ ਕਾਨਾਹੇੜੀ, ਜਰਨੈਲ ਸਿੰਘ ਅਲੀਪੁਰ, ਗੂਰੀ ਛੰਨਾ, ਕਿਰਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ।
ਪ੍ਰੋ. ਗੱਜਣਮਾਜਰਾ ਦੀ ਜਿੱਤ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ
ਅਮਰਗੜ੍ਹ (ਰਜਿੰਦਰ ਜੈਦਕਾ): ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਦੀ ਜਿੱਤ ’ਤੇ ਵਰਕਰਾਂ ਨੇ ਬਾਜ਼ਾਰ ਵਿੱਚ ਲੱਡੂ ਵੰਡੇ ਤੇ ਪਟਾਕੇ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ‘ਆਪ’ ਆਗੂ ਬੱਬੂ ਖਾਨ, ਜੈਦੀਪ ਸਿੰਘ, ਗੌਰਵ ਜੈਦਕਾ, ਰਾਜਿੰਦਰ ਸਿੰਘ ਮੰਡਾਹਰ, ਆਸ਼ੂ ਢਿੱਲੋਂ, ਭਗਵਾਨ ਸਿੰਘ, ਦੀਪਕ ਜੈਦਕਾ, ਅਮਰਿੰਦਰ ਵਿੱਕੀ, ਰਵਿੰਦਰ ਸਿੰਘ ਰਿੰਕੀ ਮਿਸਤਰੀ, ਹੰਸ ਰਾਜ ਤੇ ਹਮੀਰ ਖਾਨ ਨੇ ਕਿਹਾ ਕਿ ਲੋਕ ਪੰਜਾਬ ਵਿੱਚ ਬਦਲਾਅ ਚਾਹੁੰਦੇ ਸਨ। ਰੇਤ, ਸ਼ਰਾਬ, ਕੇਵਲ ਤੇ ਟਰਾਂਸਪੋਰਟ ਮਾਫ਼ੀਆ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਜਿਸ ਕਾਰਨ ਲੋਕਾਂ ਨੇ ਵੱਡਾ ਬਦਲਾਅ ਕਰ ਦਿਖਾਇਆ ਹੈ।