ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਨਵੰਬਰ
ਭਾਰਤੀ ਕਿਸਾਨ ਯੂਨੀਅਨ ਉਗੁਰਾਹਾਂ ਵੱਲੋਂ ਅੱਜ 27ਵੇਂ ਦਿਨ ਵੀ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅੱਗੇ ਧਰਨਾ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਅਤੇ ਕਸ਼ਮੀਰ ਸਿੰਘ ਆਲੋਅਰਖ ਨੇ ਦੱਸਿਆ ਕਿ ਝੋਨੇ ਦੀ ਖਰੀਦ, ਡੀਏਪੀ ਖਾਦ ਦੀ ਸਪਲਾਈ ਅਤੇ ਰੈੱਡ ਐਂਟਰੀਆਂ ਦੇ ਮੁੱਦੇ ਨੂੰ ਲੈਕੇ ਸਬੰਧੀ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਪੰਜਾਬ ਭਰ ਵਿੱਚ ਪਿਛਲੇ 27 ਦਿਨਾਂ ਤੋਂ ਟੌਲ ਪਲਾਜ਼ਿਆਂ ’ਤੇ ਲਗਾਏ ਗਏ ਪੱਕੇ ਧਰਨੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਕੱਲ੍ਹ 13 ਨਵੰਬਰ ਨੂੰ ਸਮਾਪਤ ਕੀਤੇ ਜਾਣਗ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਿੰਡ ਗੱਜੂਮਾਜਰਾ ਦੇ ਕਿਸਾਨਾਂ ਵੱਲੋਂ ਲਲੌਛੀ ਪਿੰਡ ਵਿਚਲੇ ਖਰੀਦ ਕੇਂਦਰ ਵਿਚ ਵੇਚਣ ਲਈ ਲਿਆਂਦੀ ਗਈ ਝੋਨੇ ਦੀ ਫਸਲ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪਟਿਆਲਾ-1 ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠਾਂ ਅੱਜ ਪਟਿਆਲਾ ਭਵਾਨੀਗੜ੍ਹ ਰੋਡ ’ਤੇ ਸਥਿਤ ਗੱਜੂਮਾਜਰਾ ਪਿੰਡ ਵਾਲੀ ਸੜਕ ’ਤੇ ਧਰਨਾ ਲਾ ਦਿੱਤਾ। ਇਸ ਦੌਰਾਨ ਇੱਕ ਪਾਸੇ ਦੀ ਸੜਕੀ ਆਵਜਾਈ ਚੱਲਦੀ ਰਹੀ। ਬਾਅਦ ’ਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ’ਤੇ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਝੋਨੇ ਦੀ ਬੋਲੀ ਲਈ ਵਫ਼ਦ ਏਡੀਸੀ ਨੂੰ ਮਿਲਿਆ
ਸੰਗਰੂਰ (ਗੁਰਦੀਪ ਸਿੰਘ ਲਾਲੀ): ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਨਾਜ ਮੰਡੀਆਂ ਵਿਚ ਝੋਨੇ ਦੀ ਖਰੀਦ ਸਹੀ ਢੰਗ ਨਾਲ ਚਾਲੂ ਨਾ ਹੋਈ ਅਤੇ ਕਿਸਾਨਾਂ ਦੀ ਮੰਡੀਆਂ ਵਿਚ ਖੱਜਲ ਖੁਆਰੀ ਬੰਦ ਨਾ ਹੋਈ ਤਾਂ 14 ਨਵੰਬਰ ਨੂੰ ਯੂਨੀਅਨ ਵਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਸਬੰਧ ਵਿਚ ਅੱਜ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ। ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਉਭਾਵਾਲ, ਬਲਾਕ ਆਗੂ ਭੋਲਾ ਸਿੰਘ ਪਨੈਚ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹਰਦੇਵ ਸਿੰਘ ਦੁੱਲਟ, ਦਰਸ਼ਨ ਸਿੰਘ ਚੱਠਾ ਸੇਖਵਾਂ ਅਤੇ ਸਤਵਿੰਦਰ ਸਿੰਘ ਬਹਾਦਰਪੁਰ ਨੇ ਕਿਹਾ ਕਿ ਪਿਛਲੇ 15 ਦਿਨਾਂ ਤੋਂ ਕਿਸਾਨ ਮੰਡੀਆਂ ਵਿੱਚ ਬੈਠੇ ਹਨ ਪਰ ਝੋਨੇ ਦੀ ਬੋਲੀ ਨਹੀਂ ਲੱਗ ਰਹੀ।