ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਨਵੰਬਰ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਭੱਠਾ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਡੀ.ਸੀ. ਦਫ਼ਤਰ ਅੱਗੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੰਦਿਆਂ ਭੱਠਾ ਮਜ਼ਦੂਰਾਂ ਦੀਆਂ ਲਟਕ ਰਹੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਯੂਨੀਅਨ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ।
ਇਸ ਤੋਂ ਪਹਿਲਾਂ ਬਨਾਸਰ ਬਾਗ ਵਿਚ ਵਿਸ਼ਾਲ ਰੋਸ ਰੈਲੀ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ, ਉਸਾਰੀ ਮਜ਼ਦੂਰਾਂ ਦੇ ਸੂਬਾਈ ਆਗੂ ਕੇਵਲ ਸਿੰਘ ਹਜ਼ਾਰਾ, ਮਨਰੇਗਾ ਮਜ਼ਦੂਰਾਂ ਦੇ ਸੂਬਾ ਆਗੂ ਬਲਕਾਰ ਸਿੰਘ, ਯੂਨੀਅਨ ਦੇ ਸੂਬਾ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ 1 ਮਾਰਚ 2020 ਨੂੰ ਜਾਰੀ ਕੀਤੀਆਂ ਘੱਟੋ ਘੱਟ ਉਜਰਤਾਂ ਅਤੇ ਉਸ ਤੋਂ ਬਾਅਦ 4 ਛਿਮਾਹੀਆਂ ਦੇ ਮਹਿੰਗਾਈ ਭੱਤੇ ਮੁਤਾਬਕ ਉਜਰਤਾਂ ਦੀ ਲਿਸਟ ਤੁਰੰਤ ਜਾਰੀ ਕੀਤੀ ਜਾਵੇ, ਪਿਛਲੇ 26 ਮਹੀਨਿਆਂ ਤੋਂ ਰੋਕੇ ਹੋਏ ਮਹਿੰਗਾਈ ਭੱਤੇ ਦੇ ਏਰੀਅਰ ਸਮੇਤ ਪਿਛਲੇ ਬਕਾਏ ਦੀ ਮਜ਼ਦੂਰਾਂ ਨੂੰ ਅਦਾਇਗੀ ਕੀਤੀ ਜਾਵੇ, ਭੱਠਿਆਂ ਉਪਰ ਕਿਰਤ ਕਾਨੂੰਨ ਲਾਗੂ ਕੀਤਾ ਜਾਵੇ, ਭੱਠਿਆਂ ’ਤੇ ਕੰਮ ਕਰਦੇ ਕਿਰਤੀਆਂ ਨੂੰ ਉਸਾਰੀ ਸਬੰਧੀ ਲਾਭਪਾਤਰੀ ਕਾਰਡ ਬਣਾ ਕੇ ਦਿੱਤੇ ਜਾਣ, ਨਵੇਂ ਐਲਾਨੇ ਰੇਟਾਂ ਦੇ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤੇ ਜਾਣ, ਸੂਬਾ ਪੱਧਰੀ ਸਰਕਾਰੀ ਰੇਟ ਨਿਸ਼ਚਿਤ ਕੀਤੇ ਜਾਣ, ਉਸਾਰੀ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਭੱਠਿਆਂ ਉਪਰ ਲਾਗੂ ਕੀਤੀਆਂ ਜਾਣ ਅਤੇ ਭੱਠਾ ਮਜ਼ਦੂਰਾਂ ਅਤੇ ਉਸਾਰੀ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।
ਆਗੂਆਂ ਨੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਮਜ਼ਦੂਰ ਵਿਰੋਧੀ 4 ਕੋਡ ਅਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨੀ ਘੋਲ ਅਤੇ ਮਜ਼ਦੂਰ ਸ਼ੰਘਰਸ਼ ਨੂੰ ਇੱਕਜੁੱਟ ਕਰਕੇ ਵੱਡਾ ਅੰਦੋਲਨ ਕੀਤਾ ਜਾਵੇਗਾ ਤਾਂ ਜੋ ਕਿਸਾਨ-ਮਜ਼ਦੂਰ ਵਰਗ ਦੇ ਹੱਕਾਂ ’ਤੇ ਡਾਕਾ ਮਾਰਨ ਦੀ ਕੋਈ ਜੁਅੱਰਤ ਨਾ ਕਰ ਸਕੇ। ਰੋਸ ਰੈਲੀ ਨੂੰ ਚਰਨਜੀਤ ਸਿੰਘ ਹਿਮਾਂਯੂਪੁਰ, ਸੱਤਪਾਲ ਸਿੰਘ ਬਹਿਣੀਵਾਲ, ਸੰਦੀਪ ਸਿੰਘ ਬੜ੍ਹੀ, ਕੇਵਲ ਸਿੰਘ ਝਾੜੋਂ, ਸ਼ੇਰ ਸਿੰਘ ਢੰਡੋਲੀ, ਦਰਸ਼ਨ ਸਿੰਘ ਕੰਗਣਵਾਲ, ਪਰਵਿੰਦਰ ਕੁਮਾਰ ਫਤਹਿਗੜ੍ਹ ਸਾਹਿਬ, ਨਿਰਮਲ ਸਿੰਘ ਮੋਗਾ, ਜਗਜੀਤ ਸਿੰਘ, ਜਸਪਾਲ ਸਿੰਘ ਅੰਮ੍ਰਿਤਸਰ, ਬਲਦੇਵ ਸਿੰਘ ਜਾਮਾਰਾਏ ਤਰਨਤਾਰਨ, ਸੁਖਦੇਵ ਸਿੰਘ ਕੋਟ ਮਹਿਤਾਬ ਅੰਮ੍ਰਿਤਸਰ ਆਦਿ ਨੇ ਸੰਬੋਧਨ ਕੀਤਾ।