ਰਮੇਸ਼ ਭਾਰਦਵਾਜ
ਲਹਿਰਾਗਾਗਾ,18 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਅੱਜ ਬਿਜਲੀ ਬੋਰਡ ਦੇ ਐਕਸੀਅਨ ਖਿਲਾਫ਼ ਧਰਨਾ ਲਾਇਆ ਗਿਆ।
ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਅਤੇ ਸੁਖਦੇਵ ਕੜੈਲ ਨੇ ਦੋਸ਼ ਲਾਇਆ ਕਿ ਐਕਸੀਅਨ ਵੱਲੋਂ ਲੋਕਾਂ ਦੀ ਕਥਿਤ ਖੱਜਲ-ਖੁਆਰੀ ਕੀਤੀ ਜਾ ਰਹੀ ਹੈ। ਝੋਨੇ ਦਾ ਸੀਜ਼ਨ ਹੋਣ ਕਰਕੇ ਖੇਤਾਂ ਵਿਚਲੇ ਟਰਾਂਸਫਾਰਮਰ ਸੜ ਰਹੇ ਹਨ। ਇਸ ਦੇ ਨਾਲ ਹੀ ਜੋ ਪਿੰਡਾਂ ਦੀ ਸਪਲਾਈ ਹੈ ਉਸ ਦਾ ਵੀ ਬੁਰਾ ਹਾਲ ਹੈ। ਬਹੁਤ ਸਾਰੇ ਕਿਸਾਨ ਮਜ਼ਦੂਰ ਹਰ ਰੋਜ਼ ਐਕਸੀਅਨ ਦਫਤਰ ਆਪਣੇ ਕੰਮ ਆਉਂਦੇ ਹਨ ਪਰ ਅਧਿਕਾਰੀ ਦਾ ਰਵੱਈਆ ਬਹੁਤ ਗਲਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅੱਜ ਐਕਸ਼ਨ ਨਹੀ ਮਿਲਦਾ ਤਾਂ ਆਉਣ ਵਾਲੇ ਦਿਨਾਂ ਅਧੀਨ ਐਕਸੀਅਨ ਖ਼ਿਲਾਫ਼ ਦੁਬਾਰਾ ਧਰਨਾ ਲਾਇਆ ਜਾਵੇਗਾ।
ਇਸ ਸਬੰਧੀ ਪਾਵਰਕੌਮ ਦੇ ਐਕਸੀਅਨ (ਲਹਿਰਾਗਾਗਾ) ਮੁਨੀਸ਼ ਗਰਗ ਨੇ ਕਿਹਾ ਕਿ ਉਨ੍ਹਾਂ ਕਦੇ ਖਪਤਕਾਰਾਂ ਨਾਲ ਦੁਰਵਿਹਾਰ ਨਹੀਂ ਕੀਤਾ ਅਤੇ ਨਾ ਹੀ ਕਿਸੇ ਖਪਤਕਾਰ ਤੋਂ ਪੈਸੇ ਮੰਗੇ।
ਇਸ ਮੌਕੇ ਬਲਾਕ ਆਗੂ ਰਿੰਕੂ ਮੂਣਕ, ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ , ਰੋਸ਼ਨ ਮੂਣਕ, ਬੰਟੀ ਢੀਂਡਸਾ, ਮਿੱਠੂ ਹਾਂਡਾ, ਬਿੰਦਰ ਸਿੰਘ ਖੋਖਰ, ਹਰਸੇਵਕ ਸਿੰਘ ਲਹਿਲ ਖੁਰਦ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।