ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਸਤੰਬਰ
ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਕਲਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ਼ ਅੱਜ ਮੀਂਹ ਦੇ ਬਾਵਜੂਦ ਧਰਨਾ ਜਾਰੀ ਰਿਹਾ। ਸਟੇਜ ਦੀ ਕਮਾਨ ਅੱਜ ਔਰਤਾਂ ਨੇ ਸੰਭਾਲੀ। ਇਸ ਮੌਕੇ ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਜਸਵਿੰਦਰ ਕੌਰ ਗਾਗਾ, ਕਰਮਜੀਤ ਕੌਰ ਲਹਿਲ ਕਲਾਂ, ਬਲਜੀਤ ਕੌਰ ਮਜ਼ਦੂਰ ਆਗੂ ਲਹਿਲ ਕਲਾਂ, ਪਰਮਜੀਤ ਕੌਰ ਗੋਬਿੰਦਗੜ੍ਹ ਜੇਜੀਆਂ, ਮਾਇਆ ਕੌਰ ਬਖੋਰਾ, ਬੰਤ ਕੌਰ ਘੋੜੇਨਬ, ਕੁਲਦੀਪ ਕੌਰ ਸੇਖੂਵਾਸ, ਬਲਜੀਤ ਕੌਰ ਰਾਮਗੜ੍ਹ, ਹਰਮੇਸ਼ ਕੌਰ ਗਾਗਾ, ਮਲਕੀਤ ਕੌਰ ਭੁਟਾਲ ਕਲਾ, ਅਮਰਜੀਤ ਕੌਰ ਕੋਟੜਾ, ਕਰਨੈਲ ਕੌਰ ਚੋਟੀਆਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਮਾਰੂ ਅਸਰਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਇਸ ਮੌਕੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਲਾਮਬੰਦੀ ਜਾਰੀ ਹੈ। ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਨੂੰ ਦਸ ਮਹੀਨੇ ਪੂਰੇ ਹੋ ਜਾਣਗੇ। 28 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਕੀਤੀ ਜਾਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਵਜੋਂ ਪਿੰਡਾਂ ਵਿਚ ਔਰਤਾਂ ਦੇ ਸਹਿਯੋਗ ਨਾਲ ਰੈਲੀਆਂ ਕੀਤੀਆਂ ਜਾਣਗੀਆਂ। ਇਸ ਰਾਹੀਂ ਨੌਜਵਾਨ ਕੁੜੀਆਂ ਨੂੰ ਲਾਮਬੰਦ ਕਰਕੇ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਨ ਅਤੇ ਲੋਕਾਂ ਨੂੰ ਲਾਮਬੰਦ ਕਰਨ ਵਿੱਚ ਕਿਸਾਨ-ਮਜ਼ਦੂਰ ਔਰਤਾਂ ਦੀ ਭੂਮਿਕਾ ਅਹਿਮ ਰਹੀ ਹੈ।