ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਅਕਤੂਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਚੰਗਾਲ ਵਿਖੇ ਰੂੜੀਆਂ ਵਾਲੀ ਥਾਂ ਤੇ ਧੱਕੇ ਨਾਲ ਪਾਰਕ ਬਣਾਉਣ ਖ਼ਿਲਾਫ਼ ਤੇ ਮਗਨਰੇਗਾ ਦਾ ਕੰਮਕਾਰ ਚਲਾਉਣ, ਨਵੇਂ ਜਾਬ ਕਾਰਡ ਬਣਾਉਣ ਅਤੇ ਵਿਤਕਰੇਬਾਜ਼ੀ ਵਿਰੁੱਧ ਬੀਡੀਪੀਓ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਮੰਗ ਪੱਤਰ ਸੌਂਪਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਸਕੱਤਰ ਬਿਮਲ ਕੌਰ, ਇਲਾਕਾ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਪੰਜ ਪੰਜ ਮਰਲੇ ਪਲਾਟ ਵੰਡਣ ਸਬੰਧੀ ਪੰਚਾਇਤਾਂ ਰਾਹੀਂ ਮਤੇ ਪਵਾ ਰਹੀ ਹੈ ਤੇ ਦੂਜੇ ਪਾਸੇ ਪਿੰਡ ਚੰਗਾਲ ਵਿੱਚ ਖੇਤ ਮਜ਼ਦੂਰ ਔਰਤਾਂ ਤੋਂ ਰੂੜੀਆਂ ਵਾਲੀ ਥਾਂ ਵੀ ਖੋਹਣ ਦੀਆਂ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਪੰਜ ਪੰਜ ਮਰਲੇ ਪਲਾਟ ਵੰਡਣ ਦੀ ਜੋ ਗੱਲ ਕਰ ਰਹੀ ਹੈ ਉਹ ਮਹਿਜ਼ ਖਾਨਾਪੂਰਤੀ ਹੀ ਹੈ, ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮਗਨਰੇਗਾ ਕਾਮਿਆਂ ਨੂੰ ਕੰਮਕਾਰ ਨਾ ਦੇਣ, ਮਗਨਰੇਗਾ ਕਾਮਿਆਂ ਨਾਲ ਵਿਤਕਰੇਬਾਜ਼ੀ ਕਰਨ, ਜਾਬ ਕਾਰਡ ਨਾ ਬਣਾਉਣ ਵਿਰੁੱਧ ਰੋਸ ਹੈ। ਇਸ ਸਬੰਧੀ ਬੀਡੀਪੀਓ ਨੂੰ ਮੰਗ ਪੱਤਰ ਸੌਪਿਆ ਗਿਆ ਜਿਨ੍ਹਾਂ ਵੱਲੋਂ ਮਸਲੇ ਦਾ ਹੱਲ ਦਾ ਭਰੋਸਾ ਦਿੱਤਾ ਗਿਆ। ਧਰਨੇ ਦੌਰਾਨ ਅਹਿਮ ਮਤਾ ਪਾਸ ਕਰਦਿਆਂ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਦਾ ਵਿਰੋਧ ਕੀਤਾ ਗਿਆ, ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ, ਘਟਨਾ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਅਤੇ ਉਸਦੇ ਪੁੱਤਰ ਨੂੰ ਗ੍ਰਿਫ਼ਤਾਰ ਨਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮੁੱਖ ਮੰਤਰੀ ਨੂੰ ਮਿਲਣ ਲਈ ਰਿਹਾਇਸ਼ ਵੱਲ ਕੂਚ 12 ਨੂੰ
ਲਹਿਰਾਗਾਗਾ (ਪੱਤਰ ਪ੍ਰੇਰਕ) ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਲਈ 12 ਅਕਤੂਬਰ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਐੱਸਸੀ ਭਾਈਚਾਰੇ ਦੇ ਲੋਕ ਹਜ਼ਾਰਾਂ ਦੀ ਗਿਣਤੀ ’ਚ ਕਰਨਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨਗੇ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਇਲਾਕਾ ਕਮੇਟੀ ਦੀ ਮੀਟਿੰਗ ਅੱਜ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ’ਚ ਜਸਵੰਤ ਸਿੰਘ ਦੇਹਲਾ ਤੇ ਜੋਗਾ ਸਿੰਘ ਮੰਡਵੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ’ਚ ਦਰਜਨ ਤੋਂ ਵੱਧ ਪਿੰਡਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਜਿੱਥੇ ਸਰਕਾਰਾਂ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਆਪਣੇ ਆਪ ਨੂੰ ਐੱਸਸੀ ਪੱਖੀ ਅਖਵਾਉਣ ਲਈ ਪੂਰਾ ਜ਼ੋਰ ਲਾ ਰਹੀਆਂ ਹਨ ਪਰ ਐੱਸਸੀ ਭਾਈਚਾਰੇ ਦੀਆਂ ਜ਼ਮੀਨੀ ਮੰਗਾਂ ਸਰਕਾਰ ਦੇ ਏਜੰਡੇ ਉਪਰ ਨਹੀਂ ਹਨ।