ਨਿਜੀ ਪੱਤਰ ਪ੍ਰੇਰਕ
ਸੰਗਰੂਰ, 18 ਜਨਵਰੀ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਵਲੋਂ ਰੋਸ ਮਾਰਚ ਕਰਦਿਆਂ ਡੀਸੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ ਗਿਆ। ਭੱਠਾ ਮਜ਼ਦੂਰ ਕਿਰਤ ਵਿਭਾਗ ਵਲੋਂ ਸਤੰਬਰ 2020 ਵਿਚ ਉਜਰਤਾਂ ਵਿਚ ਹੋਣ ਵਾਲਾ ਵਾਧਾ ਅਜੇ ਤੱਕ ਲਾਗੂ ਨਾ ਕਰਨ ਤੋਂ ਖ਼ਫ਼ਾ ਸਨ। ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਕੀਤੀ ਕਿ ਤੁਰੰਤ ਉਜਰਤਾਂ ਵਿਚ ਵਾਧਾ ਕੀਤਾ ਜਾਵੇ।
ਅੱਜ ਭੱਠਾ ਮਜ਼ਦੂਰ ਕੌਲਾ ਪਾਰਕ ਮਾਰਕੀਟ ਵਿੱਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦਿਆਂ ਡੀਸੀ ਕੰਪਲੈਕਸ ਅੱਗੇ ਪੁੱਜੇ ਤੇ ਗੇਟ ਦਾ ਘਿਰਾਓ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਜਖੇਪਲ, ਸਕੱਤਰ ਰਘਵੀਰ ਸਿੰਘ ਨੱਥੋਹੇੜੀ ਦੀ ਅਗਵਾਈ ਹੇਠ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਸੀਟੀਯੂ ਦੇ ਪ੍ਰਧਾਨ ਸਰਬਜੀਤ ਸਿੰਘ ਵੜੈਚ ਤੇ ਜਨਰਲ ਸਕੱਤਰ ਦੇਵ ਰਾਜ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਨਅਤੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੁਰਾਂ ਦੀਆਂ ਉਜਰਤਾਂ ਵਿਚ ਹਰ ਸਾਲ ਤੀਜੇ ਅਤੇ ਨੌਵੇਂ ਮਹੀਨੇ ਵਿੱਚ ਵਾਧਾ ਕੀਤਾ ਜਾਂਦਾ ਹੈ। ਸਾਲ 2020 ਵਿੱਚ ਤੀਜੇ ਮਹੀਨੇ ’ਚ ਕੀਤਾ ਵਾਧਾ ਕਰੋਨਾ ਦੀ ਆੜ ਵਿੱਚ ਵਾਪਸ ਲੈ ਲਿਆ ਸੀ ਤੇ ਦੂਜੀ ਵਾਰ ਨੌਵੇਂ ਮਹੀਨੇ ਵਿੱਚ ਵੀ ਵਾਧਾ ਹੋਣਾ ਸੀ। ਉਨ੍ਹਾਂ ਕਿਹਾ ਕਿ ਉਜਰਤਾਂ ਵਿੱਚ ਵਾਧੇ ਦਾ ਲਟਕ ਰਹੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਵਾਧਾ ਕੀਤਾ ਜਾਵੇ।
ਪਿੰਡ ਬਾਲੀਆਂ ਵਿੱਚ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਹੇ ਪੱਕੇ ਮੋਰਚੇ ਤੋਂ ਇਲਾਵਾ ਸ਼ੁਰੂ ਕੀਤੀ ਪ੍ਰਚਾਰ ਮੁਹਿੰਮ ਦੌਰਾਨ ਬੇਰੁਜ਼ਗਾਰਾਂ ਵੱਲੋਂ ਪਿੰਡ ਬਾਲੀਆਂ ’ਚ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦੇ ਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇ ਲਿਖੇ ਗਏ ਤੇ 31 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ 19ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ। ਜਿਥੇ ਪੱਕੇ ਮੋਰਚੇ ’ਤੇ ਬੇਰੁਜ਼ਗਾਰ ਡਟੇ ਗਏ ਉਥੇ ਬੇਰੁਜ਼ਗਾਰ ਸਾਥੀਆਂ ਵੱਲੋਂ ਪਿੰਡ ਬਾਲੀਆਂ ’ਚ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ। ਬੇਰੁਜ਼ਗਾਰਾਂ ਵੱਲੋਂ ਪਿੰਡ ਦੀਆਂ ਗਲੀਆਂ ’ਚ ਮਾਰਚ ਕਰਦਿਆਂ ਲੋਕਾਂ ਨੂੰ 31 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਹੋਣ ਵਾਲੀ ਮਹਾਂ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿਲਵਾਂ, ਜਗਸੀਰ ਸਿੰਘ ਘੁਮਾਣ, ਰਣਬੀਰ ਸਿੰਘ ਨਦਾਮਪੁਰ, ਸੰਦੀਪ ਕੌਰ ਨੇ ਕਿਹਾ ਕਿ ਚੋਣਾਂ ਮੌਕੇ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ’ਚ ਆਈ ਕਾਂਗਰਸ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ।