ਬੀਰਬਲ ਰਿਸ਼ੀ
ਸ਼ੇਰਪੁਰ, 27 ਮਈ
ਐੱਸਡੀਓ ਸਮੇਤ 65 ਤੋਂ ਵੱਧ ਖਾਲੀ ਅਸਾਮੀਆਂ ਭਰੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਦਫ਼ਤਰ ਰੰਗੀਆਂ ਅੱਗੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਐਕਸੀਅਨ ਮਨੋਜ ਕੁਮਾਰ ਨੇ ਮੰਗਾਂ ਦੀ ਪੂਰਤੀ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।
ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਸਿੰਘ ਦੋਹਲਾ, ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਅਲਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਉਕਤ ਦਫ਼ਤਰ ਵਿੱਚ ਐੱਸਡੀਓ ਦੀ ਅਸਾਮੀ ਖਾਲੀ ਹੈ, ਛੇ ਜੇਈਜ਼ ਦਾ ਕੰਮ ਇੱਕ ਜੇਈ ਚਲਾ ਰਿਹਾ ਹੈ, ਲਾਈਨਮੈਨ ਤੇ ਸਹਾਇਕ ਲਾਈਨਮੈਨ ਦੀਆਂ 60 ਅਸਾਮੀਆਂ ਖਾਲੀ ਹਨ। ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਸਿਆਮ ਦਾਸ ਕਾਂਝਲੀ, ਬੀਕੇਯੂ ਏਕਤਾ ਉਗਰਾਹਾਂ ਦੇ ਬਾਬੂ ਸਿੰਘ, ਕੀਰਤ ਸਿੰਘ, ਬੀਕੇਯੂ ਕਾਦੀਆਂ ਦੇ ਮਹਿੰਦਰ ਸਿੰਘ ਬੁਗਰਾ ਅਤੇ ਕਾਂਗਰਸੀ ਆਗੂ ਅਵਤਾਰ ਸਿੰਘ ਹੇੜੀਕੇ ਨੇ ਕਿਹਾ ਕਿ ਰੰਗੀਆਂ ਦਫ਼ਤਰ ਅਧੀਨ ਛੇ 66 ਕੇਵੀ ਗਰਿੱਡ ਹਨ ਜਿੰਨ੍ਹਾਂ ਅਧੀਨ ਖੇਤੀਵਾੜੀ ਦੇ 47 ਤੇ ਸ਼ਹਿਰੀ 10 ਫੀਡਰ ਹਨ ਪਰ ਅਮਲੇ ਦੀ ਘਾਟ ਕਾਰਨ ਝੋਨੇ ਦਾ ਸੀਜ਼ਨ ਰੱਬ ਆਸਰੇ ਸਿਰੇ ਲੱਗੇਗਾ। ਆਗੂਆਂ ਨੇ ਅਸਾਮੀਆਂ ਨਾ ਭਰੇ ਜਾਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਮੌਕੇ ’ਤੇ ਪਹੁੰਚੇ ਐਕਸੀਅਨ ਧੂਰੀ ਮਨੋਜ ਕੁਮਾਰ ਨੇ ਦੱਸਿਆ ਕਿ ਐੱਸਡੀਓ ਦਾ ਵਾਧੂ ਚਾਰਜ ਮੋਹਣਪ੍ਰੀਤ ਸਿੰਘ ਦੇ ਦਿੱਤਾ ਹੈ, ਮਲੇਰਕੋਟਲਾ ਤੋਂ ਜੇਈ-1 ਫਕੀਰ ਚੰਦ ਨੂੰ ਰੰਗੀਆਂ ਜਾਣ ਦੇ ਹੁਕਮ ਹੋ ਚੁੱਕੇ ਹਨ, ਸੰਗਰੂਰ ਤੋਂ ਧੂਰੀ ਆ ਰਹੇ ਇੱਕ ਹੋਰ ਜੇਈ ਨੂੰ ਤੁਰੰਤ ਰੰਗੀਆਂ ਭੇਜਿਆ ਜਾ ਰਿਹਾ ਹੈ ਅਤੇ ਹੋਰ ਅਸਾਮੀਆਂ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।