ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਸਤੰਬਰ
ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਵੱਲੋਂ ਪੰਜਾਬ ਵਿੱਚ ਐੱਨਆਈਏ ਵੱਲੋਂ ਮਾਰੇ ਜਾ ਰਹੇ ਛਾਪਿਆਂ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਜਨਤਕ ਜਥੇਬੰਦੀਆਂ ਵੱਲੋਂ ਛਾਪਿਆਂ ਦੇ ਵਿਰੋਧ ਵਿੱਚ ਰਾਸ਼ਟਰਪਤੀ ਦੇ ਨਾਂ ਡਿਊਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਜਨਤਕ ਜਮਹੂਰੀ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਮੁਲਾਜ਼ਮ ਰੇਲਵੇ ਸਟੇਸ਼ਨ ’ਤੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਅੱਗੇ ਪੁੱਜੇ ਐੱਨਆਈਏ ਛਾਪਿਆਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਗੁਰਦਾਸ ਸਿੰਘ ਜਲੂਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਸਿੰਘ ਹਥਨ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਦਰਸ਼ਨ ਸਿੰਘ ਕੁਨਰਾਂ ਨੇ ਕਿਹਾ ਕਿ ਕੇਂਦਰ ਦੀ ਇਸ ਤਰ੍ਹਾਂ ਦੀ ਕਾਰਵਾਈ ਪੰਜਾਬ ਦੇ ਜਮਹੂਰੀ ਹੱਕਾਂ ’ਤੇ ਡਾਕਾ ਹੈ ਅਤੇ ਫੈਡਰਲ ਢਾਂਚੇ ਦੀ ਉਲੰਘਣਾ ਹੈ। ਲੋਕਾਂ ਦੇ ਜਮਹੂਰੀ ਹੱਕਾਂ ਤੇ ਸੰਘਰਸ਼ਾਂ ਨੂੰ ਕੁਚਲਣ ਲਈ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਐੱਨਆਈਏ ਦੀ ਇਸ ਕਾਰਵਾਈ ਦੀ ਹਮਾਇਤ ਕਰਨ ਲਈ ਮਾਨ ਸਰਕਾਰ ਦੀ ਨਿਖੇਧੀ ਕੀਤੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਕੌਮੀ ਜਾਂਚ ਏਜੰਸੀ ਵੱਲੋਂ ਪਿਛਲੇ ਦਿਨੀਂ ਪੰਜਾਬ ਅੰਦਰ ਕਿਸਾਨ ਆਗੂਆਂ, ਲੋਕ ਪੱਖੀ ਬੁੱਧੀਜੀਵੀਆਂ ਤੇ ਵਕੀਲਾਂ ਦੇ ਘਰਾਂ ’ਤੇ ਮਾਰੇ ਗਏ ਛਾਪਿਆਂ ਵਿਰੁੱਧ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮਾਲੇਰਕੋਟਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਨਤਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਨ ਸਿੰਘ ਸੱਦੋਪੁਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਗਤਾਰ ਸਿੰਘ ਤੋਲੇਵਾਲ ਨੇ ਕਿਹਾ ਕਿ ਗ੍ਰਿਫ਼ਤਾਰ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ , ਜਿਹੜੇ ਵਿਅਕਤੀਆਂ ਨੂੰ ਨੋਟਿਸ ਕੱਢੇ ਗਏ ਹਨ ਉਹ ਨੋਟਿਸ ਰੱਦ ਕੀਤੇ ਜਾਣ।
ਪਟਿਆਲਾ ਵਿੱਚ ਲੋਕ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ (ਸਰਬਜੀਤ ਸਿੰਘ ਭੰਗੂ): ਇਥੇ ‘ਲੋਕ ਸੰਘਰਸ਼ ਕਮੇਟੀ’ ਵੱਲੋਂ ਅੱਜ ਇੱਥੇ ਡੀਸੀ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਉਣ ਵਾਸਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਪ੍ਰਿਤਪਾਲ ਸਿੰਘ, ਟੀਐੱਸਯੂ ਦੇ ਗੁਰਚਰਨ ਡਕੌਂਦਾ, ਇਫਟੂ ਤੋਂ ਸ੍ਰੀਨਾਥ, ਗੈਸ ਏਜੰਸੀ ਵਰਕਰਜ਼ ਯੂਨੀਅਨ ਤੋਂ ਬਲਜਿੰਦਰ ਖੇੜੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਪਾਲ ਨੂਰਖੇੜੀਆਂ, ਨੌਜਵਾਨ ਭਾਰਤ ਸਭਾ ਦੇ ਆਗੂ ਸੰਦੀਪ ਖੱਤਰੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਪਟਿਆਲਾ ਅਤੇ ਇਸਤਰੀ ਜਾਗ੍ਰਤੀ ਮੰਚ ਦੇ ਸੂਬਾਈ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਸੰਬੋਧਨ ਕੀਤਾ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਵਿਕਰਮ ਦੇਵ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਅਮਨਦੀਪ ਖਿਓਵਾਲੀ ਨੇ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਕੇਂਦਰ ਕਿਰਸਾਨੀ ਅਤੇ ਲੋਕ ਲਹਿਰ ਨੂੰ ਦਬਾਉਣ ਲਈ ਪੱਬਾਂ ਭਾਰ ਹੈ।