ਬੀਰਬਲ ਰਿਸ਼ੀ
ਸ਼ੇਰਪੁਰ, 30 ਅਗਸਤ
ਮਜ਼ਦੂਰ ਮੁਕਤੀ ਮੋਰਚਾ ਤੇ ਸੀਪੀਆਈ (ਐੱਮ-ਐੱਲ) ਲਬਿਰੇਸ਼ਨ ਵੱਲੋਂ ਬਲਾਕ ਦੇ ਪਿੰਡ ਟਿੱਬਾ ’ਚ ਗ਼ਰੀਬ ਪਰਿਵਾਰਾਂ ਨੂੰ ਮੋਟੇ ਵਿਆਜ ’ਤੇ ਦਿੱਤੀ ਰਾਸ਼ੀ ਨੂੰ ਦਾਬੇ, ਦਮਨ, ਧੌਂਸ ਤੇ ਗੁੰਡਾਗਰਦੀ ਨਾਲ ਵਾਪਸ ਲੈਣ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਅਜਿਹੇ ਫਾਇਨਾਂਸਰਾਂ ਦੇ ਲਾਇਸੈਂਸ ਤੁਰੰਤ ਰੱਦ ਕੀਤੇ ਜਾਣ। ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਇੱਕ ਪਾਸੇ ਤਾਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਜ਼ਦੂਰਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ, ਦੂਜੇ ਪਾਸੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੁੱਝ ਫਾਇਨਾਂਸ ਕੰਪਨੀਆਂ ਦੇ ਕਰਿੰਦੇ ਉਨ੍ਹਾਂ ਨੂੰ ਜ਼ਲੀਲ ਕਰਦੇ ਹਨ। ਇਸ ਮੌਕੇ ਹਰਪ੍ਰੀਤ ਕੌਰ ਧੂਰੀ, ਕਾ. ਸੁਦਾਗਰ ਸਿੰਘ ਸ਼ੇਰਪੁਰ, ਹਰਚੰਦ ਸਿੰਘ ਰਾਜੂ ਸਿੰਘ, ਪੁਸ਼ਪਾਵਤੀ ਰਿੰਕੂ ਰਾਣੀ ਅਤੇ ਪਰਮਜੀਤ ਕੌਰ ਟਿੱਬਾ ਹਾਜ਼ਰ ਸਨ।
ਬਠਿੰਡਾ ’ਚ ਅੱਜ ਹੋਣ ਵਾਲੀ ਰੈਲੀ ਮੁਲਤਵੀ
ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਵੱਖਰੇ ਬਿਆਨ ਰਾਹੀਂ ਦੱਸਿਆ ਕਿ ਉਕਤ ਮਾਮਲੇ ਸਬੰਧੀ 31 ਅਗਸਤ ਨੂੰ ਬਠਿੰਡਾ ਰੈਲੀ ਮੁਲਤਵੀ ਕੀਤੀ ਗਈ ਹੈ ਅਤੇ ਹੁਣ ਇਸੇ ਦਿਨ ਪਿੰਡਾਂ ’ਚ ਮੁਜ਼ਾਹਰੇ ਕੀਤੇ ਜਾਣਗੇ।