ਰਾਜਿੰਦਰ ਜੈਦਕਾ
ਅਮਰਗੜ੍ਹ, 30 ਸਤੰਬਰ
ਸਰਕਾਰੀ ਹਾਈ ਸਕੂਲ ਸਲਾਰ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਤਿੰਨ ਅਧਿਆਪਕਾਂ ਦੀ ਬਦਲੀ ਰੁਕਵਾਉਣ ਲਈ ਸਕੂਲ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਚੇਅਰਮੈਨ ਖਲੀਲ ਮੁਹੰਮਦ ਨੇ ਵਿਦਿਆਰਥੀਆਂ ਨੂੰ ਪੇਪਰ ਦੇਣ ਦੀ ਅਪੀਲ ਕੀਤੀ ਪਰ ਵਿਦਿਆਰਥੀਆਂ ਨੇ ਪੇਪਰ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਮੌਕੇ ਗੁਰਮੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅਧਿਆਪਕ ਰਾਕੇਸ਼ ਕੁਮਾਰ ਦੀ ਬਦਲੀ ਜਲੰਧਰ, ਗੁਰਮੀਤ ਕੌਰ ਦੀ ਪਠਾਨਕੋਟ ਤੇ ਰਣਧੀਰ ਕੌਰ ਦਾ ਦਸ਼ੌਂਧਾ ਸਿੰਘ ਵਾਲਾ ਕਰ ਦਿੱਤੀ ਗਈ ਹੈ। ਅਧਿਆਪਕਾਂ ਦੀ ਬਦਲੀ ਹੋਣ ਨਾਲ ਸਕੂਲ ਅਧਿਆਪਕਾਂ ਤੋਂ ਸੁੰਨਾ ਹੋ ਗਿਆ ਹੈ। ਇਹ ਬਦਲੀਆਂ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾਰੂ ਅਸਰ ਪਵੇਗਾ। ਉਨ੍ਹਾਂ ਅਧਿਆਪਕਾਂ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਆਗੂਆਂ ਦੱਸਿਆ ਕਿ ਕੁਝ ਪਿੰਡ ਦੇ ਲੋਕਾਂ ਜਿਨ੍ਹਾਂ ਦੇ ਬੱਚੇ ਸਕੂਲ ਵਿੱਚ ਨਹੀਂ ਪੜ੍ਹਦੇ, ਉਹ ਸਕੂਲ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਚੇਅਰਮੈਨ ਖਲੀਲ ਮੁਹੰਮਦ ਨੇ ਦੱਸਿਆ ਕਿ ਮੁੱਖ ਅਧਿਆਪਕ ਨੀਲਮ ਰਾਣੀ ਦੀ ਸ਼ਿਕਾਇਤ ’ਤੇ ਸਿੱਖਿਆ ਵਿਭਾਗ ਵੱਲੋਂ ਬਣਾਈ ਤਿੰਨ ਪ੍ਰਿੰਸੀਪਲਾਂ ਦੀ ਰਿਪੋਰਟ ਦੇ ਅਧਾਰ ’ਤੇ ਬਦਲੀਆਂ ਹੋਈਆਂ ਹਨ।