ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਮਈ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਧਰਨਿਆਂ ’ਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਰੋਹ ਬਰਕਰਾਰ ਹੈ ਤੇ ਨਿੱਤ ਦਿਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਗੂੰਜ਼ਦੇ ਹਨ। ਕਿਸਾਨਾਂ ਵੱਲੋਂ 26 ਮਈ ਕਾਲਾ ਦਿਵਸ ਮਨਾਉਣ ਦੇ ਪ੍ਰੋਗਰਾਮ ਉਲੀਕਦਿਆਂ ਹਰ ਵਰਗ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਕਿਸਾਨਾਂ ਨੇ ਪ੍ਰਣ ਕੀਤਾ ਹੈ ਕਿ ਕਿਸਾਨ ਸੰਘਰਸ਼ ਭਾਵੇਂ ਜਿੰਨਾ ਮਰਜ਼ੀ ਲੰਮਾ ਚੱਲੇ ਪਰ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪੰਜਾਬ ’ਚ ਚੱਲ ਰਹੇ ਪੱਕੇ ਮੋਰਚਿਆਂ ਤੋਂ ਪਿੱਛੇ ਨਹੀਂ ਹਟਣਗੇ ਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ। 31 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਸਥਾਨਕ ਰੇਲਵੇ ਸਟੇਸ਼ਨ ਨੇੜੇ ਪੱਕੇ ਰੋਸ ਧਰਨੇ ’ਤੇ ਡਟੇ ਹੋਏ ਹਨ ਜਦੋਂਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨ ਬੀਬੀਆਂ ਤੇ ਕਿਸਾਨਾਂ ਦਾ ਮੋਰਚਾ ਭਾਜਪਾ ਆਗੂ ਦੇ ਘਰ ਅੱਗੇ ਜਾਰੀ ਹੈ। ਸਟੇਸ਼ਨ ਨੇੜੇ ਧਰਨੇ ਨੂੰ ਸੁਖਦੇਵ ਸਿੰਘ, ਸਰਬਜੀਤ ਸਿੰਘ ਵੜੈਚ, ਹਰਜੀਤ ਸਿੰਘ ਮੰਗਵਾਲ, ਮਹਿੰਦਰ ਸਿੰਘ ਭੱਠਲ, ਲੱਖਮੀ ਚੰਦ, ਰੋਹੀ ਸਿੰਘ ਮੰਗਵਾਲ, ਅਮਰੀਕ ਸਿੰਘ ਸੁਨਾਮ, ਇੰਦਰਪਾਲ ਪੁੰਨਾਂਵਾਲ ਆਦਿ ਨੇ ਸੰਬੋਧਨ ਕੀਤਾ ਜਦੋਂ ਕਿ ਭਾਕਿਯੂ ਏਕਤਾ ਉਗਰਾਹਾਂ ਦੇ ਧਰਨਿਆਂ ਨੂੰ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾਭਰੀਆਂ, ਲਾਭ ਸਿੰਘ ਖੁਰਾਣਾ, ਗੋਬਿੰਦਰ ਸਿੰਘ ਬਡਰੁੱਖਾਂ, ਕਰਮਜੀਤ ਮੰਗਵਾਲ, ਗੁਰਦੀਪ ਕੰਮੋਮਾਜਰਾ ਤੇ ਸ਼ਿੰਦਰ ਸਿੰਘ ਬਡਰੁੱਖਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਪੰਜਾਬ ’ਚ ਵੱਖ-ਵੱਖ ਥਾਈਂ ਚੱਲ ਰਹੇ ਕਿਸਾਨ ਸੰਘਰਸ਼ ’ਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਤੇ ਨਿੱਤ ਦਿਨ ਕੇਂਦਰ ਸਰਕਾਰ ਖ਼ਿਲਾਫ਼ ਗਰਜ਼ ਰਹੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਹਰ ਪ੍ਰੋਗਰਾਮ ਨੂੰ ਪੂਰੀ ਸਫਲਤਾ ਨਾਲ ਲਾਗੂ ਕੀਤਾ ਜਾਵੇਗਾ ਤੇ 26 ਮਈ ਨੂੰ ਕਾਲਾ ਦਿਵਸ ਮਨਾਉਂਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾਣਗੇ। ਆਗੂਆਂ ਨੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 26 ਮਈ ਨੂੰ ਕਾਲਾ ਦਿਵਸ ਮਨਾਉਣ ਲਈ ਪ੍ਰੋਗਰਾਮਾਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਤੇ ਦਿੱਲੀ ਬਾਰਡਰਾਂ ’ਚ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ।
ਧੂਰੀ (ਹਰਦੀਪ ਸਿੰਘ ਸੋਢੀ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਨੂੰ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ 228ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਧਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਕਈ ਸੂਬਿਆਂ ਦੀਆਂ ਸਰਕਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਵਿੱਚ ਨਾਕਾਮ ਸਾਬਤ ਹੋਈਆਂ ਹਨ ਅਤੇ ਜਾਨ ਗਵਾ ਚੁੱਕੇ ਲੋਕਾਂ ਦੇ ਸਸਕਾਰ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਜਾਰੀ ਰਹਿਣਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਤੇ ਬਾਕੀ ਰਹਿੰਦੀਆਂ ਮੰਗਾਂ ਨੂੰ ਕਿਸਾਨ ਕੇਂਦਰ ਸਰਕਾਰ ਤੋਂ ਮਨਵਾ ਕੇ ਹੀ ਰਹਿਣਗੇ।
ਹਿੰਡ ਭਾਈ ਕੀ ਪਿਸ਼ੌਰ ਵਿੱਚ ਜਥੇਬੰਦੀ ਦੇ ਮਹਿਲਾ ਵਿੰਗ ਦਾ ਗਠਨ
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇਥੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ 227 ਵੇਂ ਦਿਨ ’ਚ ਦਾਖਲ ਹੋ ਗਿਆ। ਔਰਤਾਂ ਦੀ ਵੱਧ ਸ਼ਮੂਲੀਅਤ ਕਰਕੇ ਕਿਸਾਨ ਔਰਤ ਆਗੂਆਂ ਵੱਲੋਂ ਸਟੇਜ ਦੀ ਕਾਰਵਾਈ ਸੰਭਾਲੀ ਬੱਚੀ ਗੁਰਲੀਨ ਕੌਰ ਸੰਗਤੀਵਾਲਾ, ਅੰਗਰੇਜ਼ ਕੌਰ ਭੁਟਾਲ ਕਲਾ ਤੇ ਹਰਦੀਪ ਕੌਰ ਰਾਏਧਰਾਣਾ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕ੍ਰਾਂਤੀਕਾਰੀ ਗੀਤ ਗਾ ਕੇ ਮੋਰਚੇ ਵਿਚ ਸ਼ਾਮਲ ਹਜ਼ਾਰਾਂ ਸੰਘਰਸ਼ਸ਼ੀਲ ਲੋਕਾਂ ’ਚ ਜੋਸ਼ ਭਰਿਆ। ਇਸ ਮੌਕੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਚੰਗਾਲੀਵਾਲਾ ਜ਼ਿਲ੍ਹਾ ਆਗੂ, ਕਰਨੈਲ ਗਨੋਟਾ, ਹਰਸੇਵਕ ਸਿੰਘ ਲਹਿਲ ਖੁਰਦ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ, ਰਾਮਚੰਦ ਸਿੰਘ ਚੋਟੀਆਂ ਆਦਿ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਚੱਲਦਿਆਂ ਸਰਕਾਰ ਵੱਲੋਂ ਲਾਏ ਲੌਕਡਾਉਨ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਆਮ ਕਿਰਤੀਆਂ (ਰੇਹੜੀ-ਫੜੀਆਂ) ਦੇ ਨਾਲ ਕਿਤੇ ਜਾ ਰਹੇ ਧੱਕੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਮੋਰਚਿਆਂ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਤਦਾਦ ਹੋਰ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਆਗੂਆਂ ਵੱਲੋਂ ਪਿੰਡਾਂ ਕਸਬਿਆਂ ’ਚ ਵੱਡੇ ਇਕੱਠ ਕਰਕੇ ਲਾਮਬੰਦ ਕੀਤਾ ਜਾ ਰਿਹਾ ਹੈ। ਸੰਘਰਸ਼ ਨੂੰ ਲੰਮਾ ਸਮਾਂ ਜਾਰੀ ਰੱਖਣ ਲਈ ਪਿੰਡਾਂ ’ਚ ਲੋਕਾਂ ਦੇ ਸਹਿਯੋਗ ਨਾਲ ਫੰਡ ਇਕੱਠੇ ਕੀਤੇ ਜਾ ਰਹੇ ਹਨ। ਉਧਰ, ਅੱਜ ਪਿੰਡ ਭਾਈ ਕੀ ਪਿਸ਼ੌਰ ’ਚ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਮਹਿਲਾ ਵਿੰਗ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ, ਜਸ਼ਨਦੀਪ ਕੋਰ ਪਿਸ਼ੌਰ, ਪਰਮਜੀਤ ਕੌਰ ਪਿਸ਼ੌਰ ਆਦਿ ਬਲਾਕ ਆਗੂਆਂ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਔਰਤਾਂ ਦੀ ਇਕਾਈ ਬਣਾਈ ਗਈ ਤੇ ਨਵੀਂ ਬਣੀ ਇਕਾਈ ਵੱਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਨਾ ਦਾ ਭਰੋਸਾ ਦਿਵਾਇਆ ਗਿਆ।