ਨਿਜੀ ਪੱਤਰ ਪ੍ਰੇਰਕ
ਸੰਗਰੂਰ, 15 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹੇ ਭਰ ਦੇ ਬਸਪਾ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਅਤੇ ਏਜੀ ਪੰਜਾਬ ਦਾ ਪੁਤਲਾ ਫ਼ੂਕਿਆ ਗਿਆ। ਇਸ ਤੋਂ ਪਹਿਲਾਂ ਬਸਪਾ ਦੇ ਸੂਬਾਈ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ ਦੀ ਅਗਵਾਈ ਹੇਠ ਵਰਕਰਾਂ ਨੇ ਲੇਬਰ ਚੌਕ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਸੂਬਾਈ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ ਤਾਂ ਖ਼ਾਸ ਕਰਕੇ ਰਾਖਵੀਆਂ ਸ਼੍ਰੇਣੀਆਂ ਦੇ ਸੰਵਿਧਾਨਿਕ ਹੱਕਾਂ ’ਤੇ ਹਮਲੇ ਜਾਰੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਰਿਜ਼ਰਵ ਸਮਾਜ ਖ਼ਿਲਾਫ਼ ਖੇਡੇ ਗਏ ਇੱਕ ਨਵੇਂ ਪੈਂਤੜੇ ਤਹਿਤ ਏ.ਜੀ. ਪੰਜਾਬ ਵੱਲੋਂ ਲਾਅ ਅਫ਼ਸਰਾਂ ਦੀਆਂ 178 ਅਸਾਮੀਆਂ ਦੇ ਮਸਲੇ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐੱਸ.ਸੀ./ਬੀ.ਸੀ. ਵਰਗਾਂ ਦੇ ਉਮੀਦਵਾਰਾਂ ਨੂੰ ਅਯੋਗ ਭਾਵ ਨਾਕਾਬਿਲ ਕਹਿ ਕੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਸਬੰਧੀ ਨੈਸ਼ਨਲ ਐੱਸਸੀ ਕਮਿਸ਼ਨ ਵੱਲੋਂ ਰਾਖਵਾਂਕਰਨ ਦੇਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਵਤੀਰੇ ਖਿਲਾਫ਼ ਰਿਜ਼ਰਵ ਸਮਾਜ ਅੰਦਰ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸ.ਸੀ./ਬੀ.ਸੀ. ਵਰਗਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਆਬਾਦੀ ਅਨੁਸਾਰ ਰਾਖਵਾਂਕਰਨ ਦਿੱਤਾ ਜਾਵੇ। ਬਸਪਾ ਵੱਲੋਂ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਪਟਿਆਲਾ (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ (ਬੀਐੱਸਪੀ) ਨੇ ਅੱਜ ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਵਿੱਚ ਬਹੁਜਨ ਸਮਾਜ ਦੀਆਂ 12 ਮੰਗਾਂ ’ਤੇ ਰਾਜਪਾਲ ਨੂੰ ਗ਼ੌਰ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਬੀਐੱਸਪੀ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਲਾਅ ਅਫ਼ਸਰਾਂ ਦੀ ਭਰਤੀ ਵਿੱਚ ਰਾਖਵਾਂਕਰਨ ਨਾ ਕਰਕੇ ਭਾਰਤੀ ਸੰਵਿਧਾਨ ਦੀ ਮਰਿਆਦਾ ਨੂੰ ਸੱਟ ਮਾਰੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੇਸਰ ਸਿੰਘ ਬਖਸ਼ੀਵਾਲਾ, ਅਮਰ ਸਿੰਘ ਸੈਂਪਲਾਂ, ਜੋਗਾ ਸਿੰਘ ਪਨੌਦੀਆਂ,ਸੁਰਜੀਤ ਸਿੰਘ ਗੋਰੀਆ, ਜਸਪਾਲ ਸਿੰਘ ਐਡਵੋਕੇਟ, ਬਲਦੇਵ ਸਿੰਘ ਮਹਿਰਾ, ਬਲਕਾਰ ਸਿੰਘ ਹਰਪਾਲਪੁਰ, ਰੂਪ ਸਿੰਘ ਬਠੌਈ, ਜਰਨੈਲ ਸਿੰਘ ਬਿੱਟੂ ਸਮਾਣਾ ਤੇ ਕਰਨੈਲ ਸਿੰਘ ਖੇੜਕੀ ਆਦਿ ਹੋਰ ਕਈ ਸਾਰੇ ਆਗੂ ਦੇ ਵਰਕਰ ਮੌਜੂਦ ਸਨ।