ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਅਗਸਤ
ਪੰਜਾਬ ਮੋਟਰ ਟਰਾਂਸਪੋਰਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇਜਪਾਲ ਸਿੰਘ (ਗੋਗੀ ਟਿਵਾਣਾ) ਦੀ ਅਗਵਾਈ ਹੇਠਾਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਅੱਜ ਆਪਣੀਆਂ ਬੱਸਾਂ ਦਿਨ ਭਰ ਬੰਦ ਰੱਖੀਆਂ ਜਿਸ ਦੌਰਾਨ ਇਥੇ ਬੱਸ ਅੱਡਾ ਚੌਕ ਦੇ ਨੇੜੇ ਸ਼ਾਂਤਮਈ ਧਰਨਾ ਮਾਰ ਕੇ ਰੋਸ ਪ੍ਰਗਟ ਕੀਤਾ। ਗੋਗੀ ਟਿਵਾਣਾ ਦਾ ਕਹਿਣਾ ਸੀ ਕਿ ਸਮੂਹ ਬੱਸ ਅਪਰੇਟਰ 14 ਅਗਸਤ ਤੱਕ ਬੱਸਾਂ ’ਤੇ ਕਾਲ਼ੀਆਂ ਝੰਡੀਆਂ ਲਾ ਕੇ ਰੱਖਣਗੇ। ਜਦਕਿ 15 ਅਗਸਤ ਨੂੰ ਸੂਬੇ ਦੇ ਹਰੇਕ ਬੱਸ ਅੱਡੇ ’ਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਜਿਸ ਦੌਰਾਨ ਹੀ ਸਰਕਾਰ ਪ੍ਰ੍ਤੀ ਆਪਣੇ ਗੁੱਸੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਬੱਸ ਅਪਰੇਟਰ ਪੰਜਾਬ ਦੇ ਕਿਸੇ ਇੱਕ ਸ਼ਹਿਰ ’ਚ ਆਪਣੀ ਇੱਕ ਬੱਸ ਫੂਕ ਕੇ ਕਰਨਗੇ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਕੀਮਤ ਲਾਲ ਸਿੰਗਲਾ, ਅਜੀਤ ਸਿੰਘ ਖੱਟੜ, ਦਰਸ਼ਨ ਟਿਵਾਣਾ,ਹਰਪ੍ਰੀਤ ਗੋਗੀ, ਜਸਪਾਲ ਸਿੰਘ, ਮਨਜੀਤ ਸਿੰਘ, ਹਤਿੰਦਰ ਹੈਰੀ, ਜਗਤਾਰ ਸਿੰਘ, ਮੋਹਣ ਸਿੰਘ, ਰਵਜਿੰਦਰ ਸਿੰਘ ਤੇ ਨਿਰਪਾਲ ਟਿਵਾਣਾ ਆਦਿ ਬੱਸ ਅਪਰੇਟਰਾਂ ਨੇ ਸ਼ਿਰਕਤ ਕੀਤੀ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਨਵੇਂ ਬੱਸ ਸਟੈਂਡ ਨੇੜੇ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਸੰਗਰੂਰ ਦੇ ਜ਼ਿਲਾ ਪ੍ਰਧਾਨ ਗਮਦੂਰ ਸਿੰਘ ਫੱਗੂਵਾਲਾ, ਵਰਿੰਦਰਪਾਲ ਸਿੰਘ ਗਰੇਵਾਲ, ਜੋਗਿੰਦਰ ਸਿੰਘ ਮੇਲੀ, ਭੁਪਿੰਦਰ ਸਿੰਘ ਰੰਧਾਵਾ, ਕਰਮਜੀਤ ਸਿੰਘ, ਦਿਆਕਰਨ ਸਿੰਘ ਘੁਮਾਣ, ਗੁਰਬਿੰਦਰ ਸਿੰਘ ਧਾਲੀਵਾਲ, ਕਰਤਾਰ ਚਾਵਲਾ, ਵੀਰਦਵਿੰਦਰ ਸਿੰਘ, ਰਾਮ ਸਿੰਘ ਅਤੇ ਰਾਮ ਲਾਲ ਚਾਵਲਾ ਨੇ ਕਿਹਾ ਕਿ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੇਣ ਵਾਲੀ ਸਹੂਲਤ ਪ੍ਰਾਈਵੇਟ ਬੱਸਾਂ ਵਿਚ ਲਾਗੂ ਕੀਤੀ ਜਾਵੇ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਾਮ ਕਾਰਨ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਅਖੀਰ ਵਿੱਚ ਮੰਗੂ ਬਾਂਸਲ ਤਹਿਸੀਲਦਾਰ ਭਵਾਨੀਗੜ ਅਤੇ ਮੋਹਿਤ ਅਗਰਵਾਲ ਡੀਐੱਸਪੀ ਵੱਲੋਂ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਲੈਣ ਉਪਰੰਤ ਜਾਮ ਖੋਲ੍ਹਿਆ ਗਿਆ।
ਸ਼ੇਰਪੁਰ (ਬੀਰਬਲ ਰਿਸ਼ੀ): ਪ੍ਰਾਈਵੇਟ ਟਰਾਂਸਪੋਰਟਰ ਯੂਨੀਅਨ ਅਤੇ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਜਥੇਬੰਦੀਆਂ ਦੇ ਪੰਜਾਬ ਪੱਧਰੀ ਸੱਦੇ ’ਤੇ ਅੱਜ ਸਮੂਹ ਪ੍ਰਾਈਵੇਟ ਬੱਸਾਂ ਨੂੰ ਸ਼ਹੀਦ ਗੁਰਪ੍ਰੀਤ ਸਿੰਘ ਯਾਦਗਾਰੀ ਬੱਸ ਅੱਡੇ ਵਿੱਚ ਰੋਕ ਕੇ ਹੜਤਾਲ ਕੀਤੀ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਪ੍ਰਾਈਵੇਟ ਟਰਾਂਸਪੋਟਰ ਯੂਨੀਅਨ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸਿੱਧੂ ਈਨਾਬਾਜਵਾ, ਚਮਕੌਰ ਸਿੰਘ ਭੋਲਾ ਟਿੱਬਾ, ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੂਹੜ ਸਿੰਘ ਅਤੇ ਬਾਰਾ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਵੱਡੇ ਟੈਕਜ ਨਾ ਭਰੇ ਜਾਣ ਕਾਰਨ ਘਾਟੇ ’ਚ ਚੱਲ ਰਹੇ ਟਰਾਂਸਪੋਰਟ ਦੇ ਧੰਦੇ ਨੂੰ ਔਰਤਾਂ ਲਈ ਸਰਕਾਰੀ ਬੱਸਾਂ ’ਚ ਮੁਫ਼ਤ ਬੱਸ ਪਾਸ ਦੀ ਸਹੂਲਤ ਨੇ ਤਬਾਹੀ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਬੱਸ ਪਾਸ ਹੋਣ ਕਾਰਨ ਔਰਤਾਂ ਦੇ ਪਰਿਵਾਰਕ ਮੈਂਬਰ ਪ੍ਰਾਈਵੇਟ ਬੱਸਾਂ ’ਚ ਸਫ਼ਰ ਕਰਨ ਤੋਂ ਮੂੰਹ ਮੋੜ ਰਹੇ ਹਨ।
ਪ੍ਰਾਈਵੇਟ ਬੱਸਾਂ ਨਾ ਚੱਲਣ ਕਾਰਨ ਲੋਕ ਹੋਏ ਪ੍ਰੇਸ਼ਾਨ
ਪ੍ਰਾਈਵੇਟ ਬੱਸਾਂ ਨਾ ਚੱਲਣ ਕਾਰਨ ਅਤੇ ਪੈਪਸੂ ਰੋਡਵੇਜ਼ ਦੀਆਂ ਬਹੁਤ ਘੱਟ ਬੱਸਾਂ ਚਲਦੀਆਂ ਹੋਣ ਕਾਰਨ ਸਵਾਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਤਿ ਦੀ ਗਰਮੀ ’ਚ ਲੋਕਾਂ ਨੂੰ ਆਪਣੇ ਸਟੇਸ਼ਨਾਂ ਨੂੰ ਪੁੱਜਣ ਲਈ ਬੱਸਾਂ ਨਹੀਂ ਮਿਲੀਆਂ। ਸੜਕਾਂ ’ਤੇ ਲੱਗੇ ਜਾਮ ਕਾਰਨ ਆਮ ਰਾਹਗੀਰ ਵੀ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ।
ਲੋਕਾਂ ਦੀ ਖੱਜਲ-ਖੁਆਰੀ ਦਾ ਧਿਆਨ ਰੱਖਣ ਦੀ ਅਪੀਲ
ਪਟਿਆਲਾ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਗੋਗੀ ਟਿਵਾਣਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਕਿਸੇ ਵੀ ਵਰਗ ਵੱਲੋਂ ਜਦੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੜਕਾਂ ’ਤੇ ਧਰਨੇ ਮਾਰ ਕੇ ਆਵਾਜਾਈ ਠੱਪ ਕੀਤੀ ਜਾਂਦੀ ਹੈ, ਤਾਂ ਕਈ ਹੋਰਨਾ ਵਰਗਾਂ ਸਮੇਤ ਬੱਸ ਅਪਰੇਟਰਾਂ ਨੂੰ ਵੀ ਨੁਕਸਾਨ ਸਹਿਣਾ ਪੈਂਦਾ ਹੈ। ਜਿਸ ਕਰਕੇ ਹੀ ਉਨ੍ਹਾ ਨੇ ਪਟਿਆਲਾ ’ਚ ਬੱਸ ਅੱਡੇ ਦੀ ਤਾਲ਼ਾਬੰਦੀ ਜਾਂ ਸੜਕੀ ਆਵਾਜਾਈ ਰੋਕਣ ਦੀ ਵਜਾਏ, ਚੌਕ ਦੇ ਇਕ ਪਾਸੇ ਧਰਨਾ ਮਾਰਿਆ ਹੈ। ਉਨ੍ਹਾਂ ਹੋਰ ਕਿਹਾ ਕਿ ਬਿਨਾਂ ਸ਼ੱਕ ਕੋਈ ਵੀ ਵਰਗ ਸੜਕਾਂ ’ਤੇ ਸਰਕਾਰਾਂ ਦਾ ਸਤਾਇਆ ਹੋਇਆ ਹੀ ਉਤਰਦਾ ਹੈ। ਪਰ ਇਸ ਨਾਲ ਸਰਕਾਰਾਂ ਨਾਲ਼ੋਂ ਵੱਧ ਨੁਕਸਾਨ ਅਤੇ ਖੱਜਲ਼ ਖੁਆਰੀ ਲੋਕਾਂ ਨੂੰ ਹੀ ਝੱਲਣੀ ਪੈਂਦੀ ਹੈ ਜਿਸ ਕਰਕੇ ਉਨ੍ਹਾ ਨੇ ਇਹ ਰੀਤ ਤੋਰਨ ਦੀ ਕੋਸਿਸ਼ ਕੀਤੀ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਕੀਤੇ ਜਾਣ ਵਾਲ਼ੇ ਪ੍ਰਦਰਸ਼ਨਾਂ ਦੌਰਾਨ ਲੋਕਾਂ ਦੀ ਖੱਜਲ਼-ਖੁਆਰੀ ਦਾ ਵੀ ਧਿਆਨ ਰੱਖਿਆ ਜਾਵੇ। ਕਿਉਂਕਿ ਖੱੱਜਲ਼ ਹੋਣ ਵਾਲ਼ੇ ਲੋਕ ਵੀ ਸਾਡੇ ਵਿਚੋਂ ਹੀ ਹਨ।