ਹਰਦੀਪ ਸਿੰਘ ਸੋਢੀ
ਧੂਰੀ 4 ਦਸੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਪਿੰਡ ਲੱਡਾ ਦੇ ਟੋਲ ਪਲਾਜ਼ਾ ਉੱਪਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ, ਤੇ ਧਰਨੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਮੋਦੀ ਸਰਕਾਰ ਵਿਰੁੱਧ ਨਾਅਰੇ ਗੂੰਜਦੇ ਰਹੇ।ਇਸ ਮੌਕੇ ਯੂਨੀਅਨ ਦੇ ਆਗੂ ਹਰਬੰਸ ਸਿੰਘ ਲੱਡਾ, ਗਮਦੂਰ ਸਿੰਘ ਲੱਡਾ, ਜਸਪਾਲ ਸਿੰਘ ਪੇਧਨੀ, ਬਲਵਿੰਦਰ ਸਿੰਘ ਪੇਧਨੀ,ਰਾਮ ਸਿੰਘ ਕੱਕੜਵਾਲ, ਬਲਜੀਤ ਕੌਰ ਕੱਕੜਵਾਲ, ਕੁਲਵਿੰਦਰ ਕੌਰ ਕੱਕੜਵਾਲ,ਮਹਿੰਦਰ ਸਿੰਘ ਭਸੋੜ ਨੇ ਕਿਹਾ ਦਿੱਲੀ ਵਿੱਚ ਕਿਸਾਨ ਮੋਦੀ ਸਰਕਾਰ ਵਿਰੁੱਧ ਧਰਨੇ ਤੇ ਡਟੇ ਹੋਏ ਹਨ,ਉਸ ਤੋਂ ਇਲਾਵਾ ਤਹਿਸੀਲ ਪੱਧਰੀ ਧਰਨੇ ਕਿਸਾਨ ਆਗੂਆਂ ਦੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਅਮਰਗੜ੍ਹ (ਰਾਜਿੰਦਰ ਜੈਦਕਾ): ਟੋਲ ਪਲਾਜਾ ਮਾਹੋਰਾਣਾ ਵਿੱਚ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ 57ਵੇਂ ਦਿਨ ਨਰਿੰਦਰਜੀਤ ਸਿੰਘ ਸਲਾਰ, ਮਾ.ਕਰਨੈਲ ਸਿੰਘ ਨਾਰੀਕੇ, ਲਾਲ ਸਿੰਘ ਤੋਲੇਵਾਲ, ਨੇਤਰ ਸਿੰਘ, ਸੁਖਦੇਵ ਸਿੰਘ ਸਲਾਰਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ) : ਸਮਾਜ ਸੇਵੀ ਨੰਬਰਦਾਰ ਅਵਤਾਰ ਸਿੰਘ ਝਨੇੜੀ ਦਿੜ੍ਹਬਾ ਵਿੱਚ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ। ਇਨ੍ਹਾਂ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਨੋਟਬੰਦੀ ਕਰਨ ਦਾ ਵੀ ਦੇਸ਼ ਨੂੰ ਕੋਈ ਫਾਇਦਾ ਨਹੀਂ ਮਿਲਿਆ ਬਲਕਿ ਅਮੀਰਾਂ ਨੂੰ ਫਾਇਦਾ ਮਿਲਿਆ ਸੀ।
ਦੇਵੀਗੜ੍ਹ (ਪੱਤਰ ਪ੍ਰੇਰਕ): ਦਿੱਲੀ ਵਿਖੇ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹੋਰ ਵਾਧਾ ਕਰਨ ਲਈ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਵਰਕਰ ਕਾਮਰੇਡ ਰਮੇਸ਼ ਆਜ਼ਾਦ ਅਤੇ ਕਾਮਰੇਡ ਜੈ ਰਾਮ ਭਾਨਰਾ ਦੀ ਅਗਵਾਈ ਹੇਠ ਰਵਾਨਾ ਹੋਏ। ਇਹ ਕਾਫਲਾ ਬਾਬੂ ਬ੍ਰਿਜ ਲਾਲ ਗੁਪਤਾ ਦੇ ਆਸ਼ੀਰਵਾਦ ਨਾਲ ਰਵਾਨਾ ਹੋਇਆ। ਇਸੇ ਦੌਰਾਨ ਸੀਨੀਅਰ ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ ਕੌਮੀ ਪ੍ਰਧਾਨ ਇੰਡੀਅਨ ਫਾਰਮਾਰਜ਼ ਐਸੋਸੀਏਸ਼ਨ ਜੋ ਕਿ ਅੱਜ ਕੱਲ੍ਹ ਕੁਝ ਬਿਮਾਰ ਚੱਲ ਰਹੇ ਹਨ ਦਾ ਪਤਾ ਲੈਣ ਲਈ ਪੁੱਜੇ ਆਗੂ ਜਥੇਦਾਰ ਤਰਸੇਮ ਸਿੰਘ ਕੋਟਲਾ ਸਰਕਲ ਪ੍ਰਧਾਨ, ਅਮਰਜੀਤ ਸਿੰਘ ਫਰਾਂਸਵਾਲਾ, ਤਦਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਗਲਬਾਤ ਕਰਦਿਆਂ ਉਨ੍ਹਾਂ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇੱਕਮੁੱਠ ਹੋ ਕੇ ਬਿਨਾਂ ਕਿਸੇ ਭੇਦਭਾਵ ਦੇ ਇਸ ਜੰਗ ਨੂੰ ਜਿੱਤ ਕੇ ਹੀ ਘਰ ਮੁੜਨ।
ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਨਾ ਵੜਨ ਦਿੱਤਾ ਜਾਵੇ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਬਾਬਾ ਗੁਰਜੰਟ ਸਿੰਘ ਮੰਡਵੀ ਵਾਲਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ, ਸੰਘਰਸ਼ ਦੀ ਅਗਵਾਈ ਕਰਦੀਆਂ ਜਥੇਬੰਦੀਆਂ ਏਜੰਸੀਆਂ ਤੋਂ ਸੁਚੇਤ ਰਹਿਣ ਕਿਉਂਕਿ ਕੇਂਦਰ ਸੰਘਰਸ਼ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਦੋਖੀ ਭਾਜਪਾ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਤੋਂ ਰੋਕਣ ਲਈ ਉਹ ਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਮੌਕੇ ਜੋਗਿੰਦਰ ਸਿੰਘ, ਗੁਰਜੋਤ ਸਿੰਘ ਨਾਗਰੀ, ਕੁਲਵਿੰਦਰ ਸਿੰਘ ਫਤਿਹਮਾਜਰੀ, ਸੁਖਵਿੰਦਰ ਸਿੰਘ ਬਰੇਟਾ, ਗੁਰਪਿਆਰ ਸਿੰਘ ਭੀਖੀ, ਜਗਜੀਤ ਸਿੰਘ ਰਾਜਲਾ, ਪ੍ਰਿਤਪਾਲ ਕਾਕੜੀਆ ਅਤੇ ਸਤਨਾਮ ਸਿੰਘ ਕਕਰਾਲਾ ਹਾਜ਼ਰ ਸਨ।