ਰਮੇਸ਼ ਭਾਰਦਵਾਜ
ਲਹਿਰਾਗਾਗਾ, 22 ਦਸੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਹਿਲੀ ਅਕਤੂਬਰ ਤੋਂ ਲਗਾਤਾਰ ਖੇਤੀ ਕਾਨੂੰਨਾਂ ਖਿਲਾਫ਼ ਮੋਦੀ ਅਤੇ ਕਾਰਪੋਰੇਟਰਾਂ ਖਿਲਾਫ਼ ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੋਰ ਦੀ ਅਗਵਾਈ ’ਚ ਰਿਲਾਇੰਸ ਪੰਪ ਅੱਗੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ 83ਵੇਂ ਦਿਨ ’ਚ ਦਾਖਲ ਹੋ ਗਿਆ। ਇਸ ਮੌਕੇ ਬਲਾਕ ਆਗੂ ਬਹਾਦਰ ਸਿੰਘ ਭੁਟਾਲ, ਸੂਬਾ ਸਿੰਘ ਸੰਗਤਪੁਰਾ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਦਿੱਲੀ ’ਚ ਚਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪਿੰਡ ’ਚ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਇਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜਾਗਰੂਕ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋਂ 26 ਦਸੰਬਰ ਨੂੰ ਕਿਸਾਨ ਬਲਾਕ ਲਹਿਰਾਗਾਗਾ ਦੇ ਕਿਸਾਨ ਖਨੌਰੀ ਰਸਤੇ ਰਾਹੀਂ ਦਿੱਲੀ ਇਕੱਠੇ ਰਵਾਨਾ ਹੋ ਸਕਣ। ਖੇਤੀ ਮੋਟਰਾਂ ਦੀ ਸਪਲਾਈ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਵੇਖਦਿਆਂ 21 ਦਸੰਬਰ ਨੂੰ ਲਹਿਰਾਗਾਗਾ ਐਕਸੀਅਨ ਦਫ਼ਤਰ ਵਿੱਚ ਧਰਨਾ ਲਗਾਉਣ ’ਤੇ ਵੀ ਵਿਭਾਗ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਪਰ ਇਸ ਦੇ ਨਾਲ ਹੀ ਮੰਗਾਂ ਮਨਵਾਉਣ ਦੇ ਲਈ ਜਥੇਬੰਦੀ ਨੇ 23 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਦਫ਼ਤਰ ਦਾ ਵੀ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ 24 ਦਸੰਬਰ ਨੂੰ ਮੂਨਕ ਵਿੱਚ ਵੱਡਾ ਇਕੱਠ ਕਰਕੇ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ।
ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀਆਂ
ਧੂਰੀ (ਹਰਦੀਪ ਸਿੰਘ ਸੋਢੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਧੂਰੀ ਦੇ ਆਗੂ ਰਾਮ ਸਿੰਘ ਕੱਕੜਵਾਲ, ਮਾਲੇਰਕੋਟਲਾ ਬਲਾਕ ਦੇ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਟੋਲ ਪਲਾਜ਼ਾ ਲੱਡਾ ’ਤੇ ਲਗਾਇਆ ਗਿਆ ਧਰਨਾ 82ਵੇਂ ਦਿਨ ਵੀ ਜਾਰੀ ਰਿਹਾ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਮਾਂ ਸਮਾਂ ਸੰਘਰਸ਼ ਚੱਲਣ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਗੈਰ ਸੰਘਰਸ਼ ਸਮਾਪਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਾਟਕ ਮੰਡਲੀ ਮੁੱਲਾਂਪੁਰ ਰਾਕੇਸ਼ ਚੌਧਰੀ ਦੀ ਅਗਵਾਈ ਹੇਠ ਟੀਮ ਵੱਲੋਂ ‘ਉਠਣ ਦਾ ਵੇਲਾ’ ਨਾਟਕ ਵੀ ਖੇਡਿਆ ਗਿਆ। ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕਰ ਦਿੱਤਾ ਜਾਵੇਗਾ।
ਰੇਲਵੇ ਸਟੇਸ਼ਨ ਨੇੜੇ ਚੱਲ ਰਿਹਾ ਧਰਨਾ ਜਾਰੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਿਹਾ ਕਿਸਾਨ ਅੰਦੋਲਨ ਠੰਢ ਦੇ ਬਾਵਜੂਦ ਭਖਿਆ ਹੋਇਆ ਹੈ। ਸਥਾਨਕ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਰੋਸ ਧਰਨੇ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੇਲ ਸਿੰਘ ਮਹਿਰੋਕ ਸੁਨਾਮ ਜ਼ਿਲ੍ਹਾ ਆਗੂ ਆਲ ਇੰਡੀਆ ਕਿਸਾਨ ਫੈਡਰੇਸ਼ਨ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਪੰਜਾਬ ਤੋਂ ਦਿੱਲੀ ਤੱਕ ਅਤੇ ਦੇਸ਼-ਵਿਦੇਸ਼ ’ਚ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਆਵਾਜ਼ ਬੁਲੰਦ ਰਹੇਗੀ।