ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਅਕਤੂਬਰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜਾ ਮਾਝੀ, ਟੌਲ ਪਲਾਜਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿੱਚ ਅੱਜ 26ਵੇਂ ਦਿਨ ਵੀ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜਾ ਮਾਝੀ ਵਿੱਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਆਗੂ ਰਣਧੀਰ ਸਿੰਘ ਭੱਟੀਵਾਲ, ਬੁੱਧ ਸਿੰਘ ਬਾਲਦ, ਭਰਪੂਰ ਸਿੰਘ ਮਾਝੀ, ਜੀਤ ਸਿੰਘ ਮਾਝੀ, ਹਾਕਮ ਅੰਗਰੇਜ ਸਿੰਘ ਅਤੇ ਗੁਰਧਿਆਨ ਸਿੰਘ ਫੰਮਣਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਹਰ ਰੋਜ਼ ਦੀ ਤਰ੍ਹਾਂ ਕਾਲਾਝਾੜ ਟੌਲ ਪਲਾਜ਼ਾ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿੱਚ ਲਗਾਏ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਸ਼ਾਮਲ ਹੋਏ। ਇਸ ਮੌਕੇ ਜਸਵੀਰ ਸਿੰਘ ਗਗੜਪੁਰ, ਹਰਜਿੰਦਰ ਸਿੰਘ ਘਰਾਚੋਂ ਤੇ ਗੁਰਦੇਵ ਸਿੰਘ ਆਲੋਅਰਖ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵੇਗਾ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਵੱਲੋਂ ਸਥਾਨਕ ਧੂਰੀ-ਮਾਲੇਰਕੋਟਲਾ ਸੜਕ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਚੱਲ ਰਹੇ ਧਰਨੇ ਦੇ ਅੱਜ 26ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਨਰਿੰਦਰਪਾਲ ਸਿੰਘ, ਗੈਸਟ ਫੈਕਲਟੀ ਯੂਨੀਅਨ ਦੇ ਆਗੂ ਪ੍ਰੋ. ਸੁਖਚੈਨ ਸਿੰਘ, ਬਲਵੀਰ ਕੌਰ ਘਨੌਰ, ਕਲਾਂ, ਪਰਮਜੀਤ ਕੌਰ ਕਲੇਰਾਂ ਆਦਿ ਨੇ ਕਿਹਾ ਕਿ ਕਿਸਾਨ ਸੰਘਰਸ਼ ਆਪਣੀ ਜਿੱਤ ਵੱਲ ਵਧ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ਾਰਤ ਤੋਂ ਅਤੇ ਭਾਜਪਾ ਪੰਜਾਬ ਦੇ ਕਿਸਾਨ ਵਿੰਗ ਦੇ ਆਗੂ ਵੱਲੋਂ ਅਸਤੀਫ਼ਾ ਦੇਣਾ ਸੰਘਰਸ਼ ਦੀ ਪਹਿਲੀ ਜਿੱਤ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਦੇਸ਼ ਨੂੰ ਬਰਬਾਦ ਕਰ ਦੇਣਗੇ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਭੁੱਖਮਰੀ, ਮਹਿੰਗਾਈ, ਬੇਰੁਜ਼ਗਾਰੀ ਤੇ ਜ਼ਖ਼ੀਰੇਬਾਜ਼ੀ ਵਧੇਗੀ। ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਇਸ ਲਈ ਸਮਾਜ ਦੇ ਹਰ ਵਰਗ ਨੂੰ ਕਿਸਾਨ ਸੰਘਰਸ਼ ’ਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਿਕ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਧਰਨੇ ਨੂੰ ਕਰਨੈਲ ਸਿੰਘ ਭੂਦਨ, ਕੁਲਵਿੰਦਰ ਸਿੰਘ ਭੂਦਨ, ਨਾਹਰ ਸਿੰਘ ਹਥਨ, ਬਲਦੇਵ ਸਿੰਘ ਮੀਮਸਾ, ਜਗਤਾਰ ਸਿੰਘ ਕਲੇਰਾਂ ਆਦਿ ਨੇ ਵੀ ਸੰਬੋਧਨ ਕੀਤਾ।