ਪੱਤਰ ਪ੍ਰੇਰਕ
ਲੌਂਗੋਵਾਲ, 9 ਦਸੰਬਰ
ਲੰਘੀ ਰਾਤ ਇੱਥੋਂ ਦੀ ਸੁਨਾਮੀ ਪੱਤੀ ਸਥਿਤ ਸ਼ਿਵ ਮੰਦਰ ’ਚ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਤੇ ਪ੍ਰਬੰਧਕਾਂ ਦੀ ਕੁੱਟਮਾਰ ਤੋਂ ਖ਼ਫ਼ਾ ਹੋਏ ਸ਼ਹਿਰ ਵਾਸੀਆਂ ਨੇ ਅੱਜ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਬਾਜ਼ਾਰ ਬੰਦ ਕਰਕੇ ਥਾਣਾ ਲੌਂਗੋਵਾਲ ਅੱਗੇ ਧਰਨਾ ਦਿੱਤਾ। ਜਿਸ ’ਤੇ ਲੌਂਗੋਵਾਲ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ਼ ਕਰਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇੱਥੋਂ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਵੱਲੋਂ ਪਿਛਲੇ ਦਿਨਾਂ ਤੋਂ ਗਿਆਨ ਯੱਗ ਆਰੰਭ ਕੀਤਾ ਹੋਇਆ ਹੈ। ਜਿਸ ’ਚ ਰੋਜ਼ਾਨਾ 3 ਵਜੇ ਤੋਂ ਸ਼ਾਮ ਤੱਕ ਕਥਾ ਵਿਚਾਰ ਹੁੰਦੀ। ਪ੍ਰਬੰਧਕਾਂ ਕਾਲਾ ਮਿੱਤਲ, ਦਿਲਖ਼ੁਸ਼ ਤੇ ਆਸ਼ੂ ਆਰੀਆ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਕਥਾ ਸਮਾਪਤੀ ਤੋਂ ਬਾਅਦ ਮੰਦਰ ਦੇ ਕੋਲ ਰਹਿੰਦੇ ਲਵਪ੍ਰੀਤ ਸਿੰਘ ਲਵੀ ਤੇ ਮਨਦੀਪ ਸਿੰਘ ਕਾਲਾ ਨੇ ਆਪਣੇ ਸਾਥੀਆਂ ਸਮੇਤ ਪੂਜਾ ਵਾਲੇ ਸਥਾਨ ’ਤੇ ਜੁੱਤੀਆਂ ਸਮੇਤ ਚੜ੍ਹਕੇ ਹੁੱਲੜਬਾਜ਼ੀ ਤੇ ਪ੍ਰਬੰਧਕਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਸ਼ਰਧਾਲੂਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਦੀ ਸੂਚਨਾ ਲੌਂਗੋਵਾਲ ਪੁਲੀਸ ਨੂੰ ਦਿੱਤੀ ਗਈ ਪਰ ਪੁਲੀਸ ਦੇਰ ਨਾਲ ਪੁੱਜੀ। ਅੱਜ ਦਿਨ ਚੜ੍ਹਦੇ ਹੀ ਸ਼ਹਿਰ ਵਾਸੀਆਂ ਨੇ ਸਮੁੱਚੇ ਬਾਜ਼ਾਰ ਬੰਦ ਕਰਕੇ ਰੋਸ ਮਾਰਚ ਕਰਦਿਆਂ ਥਾਣਾ ਲੌਂਗੋਵਾਲ ਦਾ ਘਿਰਾਓ ਕੀਤਾ ਗਿਆ।
ਸਥਿਤੀ ਨੂੰ ਸੁਲਝਾਉਣ ਲਈ ਪੁੱਜੇ ਐੱਸਐੱਚਓ ਸੁਨਾਮ ਅਮਨਦੀਪ ਤਰੀਕਾ ਨੇ ਸ਼ਹਿਰ ਦੇ ਪਤਵੰਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਪਣੀ ਡਿਊਟੀ ਪ੍ਰਤੀ ਲਾਪ੍ਰਵਾਹੀ ਵਰਤਣ ਵਾਲੇ ਸਹਿ. ਥਾਣੇਦਾਰ ਗੁਰਤੇਜ ਸਿੰਘ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਹੈ।