ਹਰਦੀਪ ਸਿੰਘ ਸੋਢੀ
ਧੂਰੀ, 6 ਸਤੰਬਰ
ਪੰਜਾਬ ਸਰਕਾਰ ਵੱਲੋਂ ਕਰੋਨਾਵਾਇਰਸ ਮਹਾਮਾਰੀ ਦੇ ਵਧ ਰਹੇ ਪ੍ਰਵਾਭ ਨੂੰ ਠੱਲ੍ਹ ਪਾਉਣ ਲਈ ਸ਼ਨਿਚਰਵਾਰ ਤੇ ਐਤਵਾਰ ਨੂੰ ਦਵਾਈਆਂ ਦੀਆਂ ਦੁਕਾਨਾਂ ਤੋਂ ਬਿਨਾਂ ਬਾਕੀ ਸਾਰੀਆਂ ਦੁਕਾਨਾਂ ਬੰਦ ਰੱਖਣ ਅਤੇ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ, ਪ੍ਰੰਤੂ ਬੀਤੇ ਦਿਨ ਸ਼ਹਿਰ ਅੰਦਰ ਅੱਧਾ-ਪਚੱਧਾ ਬਾਜ਼ਾਰ ਖੁੱਲ੍ਹਣ ਕਾਰਨ ਕਈ ਕਿੱਤਿਆਂ ਨਾਲ ਜੁੜੇ ਵਪਾਰੀਆਂ ਤੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਜ਼ਾਰ ’ਚ ਸਥਿਤ ਕਨਫੈਕਸ਼ਨਰੀ, ਕਰਿਆਨਾ ਸਟੋਰ, ਪੈਸਟੀਸਾਈਡਸ, ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣ ਕਾਰਨ ਜਿੱਥੇ ਵਪਾਰੀਆਂ ਦਾ ਕੁਝ ਹਿੱਸਾ ਸਤੁੰਸ਼ਟ ਨਜ਼ਰ ਆਇਆ ਉੱਥੇ ਹੀ ਕੱਪੜੇ, ਰੈਡੀਮੇਡ, ਹਲਵਾਈਆਂ, ਭਾਂਡਿਆਂ, ਮੋਬਾਈਲ ਫੋਨ, ਸੁਨਿਆਰ, ਸਟੇਸ਼ਨਰੀ ਤੇ ਫਾਸਟ ਫੂਡ ਆਦਿ ਦੀਆਂ ਦੁਕਾਨਾਂ ਬੰਦ ਰਹਿਣ ਕਾਰਨ ਵਪਾਰੀਆਂ ਦੇ ਇਕ ਵੱਡੇ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਗਿਆ।
ਦੁਕਾਨਦਾਰਾਂ ਨੇ ਸਰਕਾਰ ’ਤੇ ਪੱਖਪਾਤੀ ਹੋਣ ਦੇ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਹਰ ਤਰ੍ਹਾਂ ਦੀਆਂ ਦੁਕਾਨਾਂ ਰੋਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅੱਧ-ਪਚੱਧਾ ਬਾਜ਼ਾਰ ਖੁੱਲ੍ਹਣ ਕਾਰਨ ਜਿੱਥੇ ਵਪਾਰੀ ਭੰਬਲਭੂਸੇ ਵਿਚ ਹਨ ਉੱਥੇ ਹੀ ਗਾਹਕ ਵੀ ਦੁਚਿੱਤੀ ਵਿਚ ਹਨ। ਵਪਾਰੀਆਂ ਨੇ ਮੰਗ ਕੀਤੀ ਕਿ ਵਪਾਰੀਆਂ ਨੂੰ ਆਰਥਿਕ ਸੰਕਟ ’ਚੋਂ ਕੱਢਣ ਲਈ ਪ੍ਰਸ਼ਾਸਨ ਨੂੰ ਸਾਰੀਆਂ ਦੁਕਾਨਾਂ ਰੋਜ਼ਾਨਾ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਕਰੋਨਾਵਾਇਰਸ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਵਪਾਰੀਆਂ ਨੂੰ ਕੁੱਝ ਰਾਹਤ ਮਿਲ ਸਕੇ। ਉਪਰੋਕਤ ਮੰਗ ਸਬੰਧੀ ਧੂਰੀ ਵਪਾਰ ਮੰਡਲ ਦਾ ਇਕ ਵਫ਼ਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਚੁੱਕਿਆ ਹੈ।