ਨਿੱਜੀ ਪੱਤਰ ਪ੍ਰੇਰਕ
ਧੂਰੀ, 25 ਅਗਸਤ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ 31 ਅਗਸਤ ਨੂੰ ਡੀਸੀ ਦਫ਼ਤਰ ਸੰਗਰੂਰ ਅੱਗੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਧੂਰੀ ਬਲਾਕ ਦੇ ਪਿੰਡ ਬੇਨੜਾ, ਸਾਰੋਂ ਅਤੇ ਭਲਵਾਨ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ ਅਤੇ ਸੂਬਾ ਆਗੂ ਸੰਦੀਪ ਕੌਰ ਨੇ ਕਿਹਾ ਵਿਦਿਆਰਥੀ ਅੱਜ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪੰਜਾਬ ਦੇ ਕਾਲਜਾਂ ਵਿੱਚ ਸਮੂਹ ਵਿਦਿਆਰਥੀਆਂ ਤੋਂ ਹਜ਼ਾਰਾਂ ਰੁਪਏ ਪੀਟੀਏ ਫੰਡ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਫੰਡ ਦਾ ਵਿਦਿਆਰਥੀਆਂ ਨੂੰ ਕੋਈ ਫ਼ਾਇਦਾ ਨਹੀਂ, ਬਲਕਿ ਇਸ ਫੰਡ ਵਿੱਚੋਂ ਅਧਿਆਪਕਾਂ ਨੂੰ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਤਨਖ਼ਾਹਾਂ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਇਸ ਲਈ ਇਸ ਫੰਡ ਨੂੰ ਲੈਣਾ ਬੰਦ ਕੀਤਾ ਜਾਵੇ।
ਅੱਜ ਕਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੀ ਆਰਥਿਕਤਾ ਦੀ ਬਹੁਤ ਮਾੜੀ ਹਾਲਤ ਹੋਈ ਹੈ ਜਿਸ ਕਰਕੇ ਵਿਦਿਆਰਥੀ ਆਪਣੀ ਫੀਸ ਨਹੀਂ ਭਰ ਸਕਦੇ ਇਸ ਲਈ ਕਰੋਨਾ ਮਾਹਵਾਰੀ ਦੇ ਚਲਦਿਆਂ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਪੂਰੀ ਫੀਸ ਮਾਫ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਸਮੇਂ ਵਿਦਿਆਰਥੀਆਂ ਤੋਂ ਫੀਸਾਂ ਦੀ ਵਸੂਲੀ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੜ੍ਹਦੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਕੇਂਦਰ ਸਰਕਾਰ ਵੱਲ ਖੜ੍ਹੇ ਹਨ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿੱਚ ਤਾਂ ਇਸ ਸਕੀਮ ਦਾ ਇੱਕ ਤਰ੍ਹਾਂ ਨਾਲ ਭੋਗ ਪਾ ਦਿੱਤਾ ਗਿਆ ਹੈ। ਯੂਨੀਅਨ ਮੰਗ ਕਰਦੀ ਹੈ ਕਿ ਇਸ ਸਕੀਮ ਨੂੰ ਸੰਸਥਾਵਾਂ ਵਿੱਚ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਸਕੀਮ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ।