ਮਹਿੰਦਰ ਕੌਰ ਮਨੂੰ
ਸੰਗਰੂਰ, 5 ਅਕਤੂਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹਾਥਰਸ ਬਲਾਤਕਾਰ ਕਾਂਡ ਖ਼ਿਲਾਫ਼ ਸ਼ਹਿਰ ਦੀ ਪ੍ਰਜਾਪਤ ਧਰਮਸ਼ਾਲਾ ਵਿੱਚ ਰੈਲੀ ਉਪਰੰਤ ਰੋਸ ਮਾਰਚ ਕੀਤਾ ਗਿਆ। ਇਸ ਸਮੇਂ ਔਰਤਾਂ ਤੇ ਵੱਧ ਰਹੇ ਖਾਸ ਕਰਕੇ ਦਲਿਤ ਮਜ਼ਦੂਰ ਔਰਤਾਂ ’ਤੇ ਹੋ ਰਹੇ ਜ਼ੁਲਮ ਤਸ਼ੱਦਦ, ਬਲਾਤਕਾਰ ਤੇ ਹੱਤਿਆ ਵਰਗੇ ਘਿਨੌਣੇ ਜ਼ੁਲਮ ’ਤੇ ਵੀ ਕੋਈ ਸੁਣਵਾਈ ਨਾ ਹੋਣ ਖ਼ਿਲਾਫ਼ ਹਿੰਦੂਤਵੀ ਫ਼ਾਸ਼ੀਵਾਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਨਾਅਰੇ ਲਗਾਏ ਗਏ। ਰੈਲੀ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਰਮਜੀਤ ਕੌਰ ਤੇ ਪੀਐੱਸਯੂ ਲਲਕਾਰ ਦੇ ਜਸਵਿੰਦਰ ਸਿੰਘ ਨੇ ਸੰਬੋਧਨ ਕੀਤਾ। ਬੀਕੇਯੂ ਡਕੌਦਾ ਨੇ ਇਸ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ। ਰੈਲੀ ਦੀ ਸ਼ੁਰੂਆਤ ਪੀਆਰਐੱਸਯੂ ਦੀ ਟੀਮ ਵੱਲੋਂ ਇਨਕਲਾਬੀ ਗੀਤ ‘ਕੁੜੀਏ ਮੇਰੇ ਦੇਸ਼ ਦੀਏ, ਤਲਵਾਰ ਉਠਾ ਲੈ ਤੂੰ’ ਨਾਲ ਕੀਤੀ ਗਈ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂਤਵੀ ਫ਼ਾਸ਼ੀਵਾਦੀ ਹਕੂਮਤ ਨੇ ਵੱਡੇ ਪੱਧਰ ਤੇ ਹੱਕ ਮੰਗਦੇ ਲੋਕਾਂ, ਆਗੂਆਂ, ਬੁੱਧੀਜੀਵੀਆਂ, ਕਲਾਮਕਾਰਾਂ ਨੂੰ ਜੇਲ੍ਹੀ ਬੰਦ ਕੀਤਾ ਹੈ, ਹਰੇਕ ਹੱਕੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ, ਯੂਪੀ ’ਚ ਵਾਪਰੇ ਦਿਲ ਕਬਾਊਂ ਹਾਥਰਸ ਕਾਂਡ ਦੇ ਦੋਸ਼ੀਆਂ ਦੇ ਪੱਖ ’ਚ ਮੋਦੀ ਯੋਗੀ ਹਕੂਮਤ ਰਹੀ ਹੈ। ਉਨ੍ਹਾਂ ਕਿਹਾ ਕਿ ਹਿੰਦੂਤਵੀ ਫ਼ਾਸ਼ੀਵਾਦੀ ਹਕੂਮਤ ਕੌਮਾਂ, ਧਾਰਮਿਕ ਘੱਟ ਗਿਣਤੀਆਂ, ਦਲਤਾਂ, ਆਦਿਵਾਸੀਆਂ ਆਦਿ ਦੇ ਹੱਕਾਂ ਨੂੰ ਡੰਡੇ ਦੇ ਜ਼ੋਰ ’ਤੇ ਕੁਲਚਣ ਦੇ ਰਾਹ ਪਈ ਹੋਈ ਹੈ। ਰੈਲੀ ਉਪਰੰਤ ਸ਼ਹਿਰ ’ਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਵੀ ਕੀਤਾ ਗਿਆ। ਸ਼ਹਿਰ ਦੇ ਬੱਤੀਆਂ ਵਾਲੇ ਚੌਕ ’ਚ ਰੋਸ ਮਾਰਚ ਦੀ ਸਮਾਪਤੀ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੂਟਾਲ ਨੇ ਸਭਨਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਿੰਦੂਤਵੀ ਫ਼ਾਸੀਵਾਦੀ ਹਕੂਮਤ ਖ਼ਿਲਾਫ਼ ਵਿਸ਼ਾਲ ਲਾਮਬੰਦੀ ਕਰਦੇ ਹੋਏ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੂਬਾਈ ਆਗੂ ਸੰਦੀਪ ਕੌਰ ਨੇ ਬਾਖ਼ੂਬੀ ਨਿਭਾਈ।