ਬੀਰਬਲ ਰਿਸ਼ੀ/ਹਰਦੀਪ ਸਿੰਘ ਸੋਢੀ
ਧੂਰੀ, 29 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਸੱਦੇ ’ਤੇ ਫੌਰਟਲ ਗਰੁੱਪ ਯੂਕੇ ਦੇ ਮਾਲਕ ਤੇ ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਦੀ ਅਗਵਾਈ ਹੇਠ ਸੈਫ਼ਰਨ ਪਾਮ ਪੈਲੇਸ ਲੱਡਾ ਵਿੱਚ ਅੱਖਾਂ ਦਾ ਜਾਂਚ ਤੇ ਅਪਰੇਸ਼ਨ ਕੈਂਪ ਲਾਇਆ ਗਿਆ। ਕੈਂਪ ਵਿੱਚ ਹਜ਼ਾਰਾਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਜਦੋਂ ਕਿ ਔਰਤਾਂ ਤੇ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਸੈਂਕੜਿਆਂ ਦੀ ਗਿਣਤੀ ’ਚ ਸਿਲਾਈ ਮਸ਼ੀਨਾਂ ਜਦੋਂ ਕਿ ਦਿਵਿਆਂਗਾਂ ਨੂੰ ਵੱਡੀ ਗਿਣਤੀ ਵਿੱਚ ਟਰਾਈਸਾਈਕਲ ਵੰਡੇ ਗਏ। ਕੈਂਪ ਦਾ ਰਸਮੀ ਆਗਾਜ਼ ਕਰਨ ਲਈ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਪੁੱਜੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਮਾਤਾ ਹਰਪਾਲ ਕੌਰ, ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਤੋਂ ਇਲਾਵਾ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਆਗੂ ਹਰਪਾਲ ਜੁਨੇਜਾ, ਅਦਾਕਾਰਾ ਹਿਮਾਂਸ਼ੀ ਖੁਰਾਣਾ ਆਦਿ ਨੇ ਸ਼ਿਰਕਤ ਕੀਤੀ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਨਿੱਕੇ ਜਿਹੇ ਸੱਦੇ ’ਤੇ ਹਲਕਾ ਧੂਰੀ ਅੰਦਰ ਸਮਾਜ ਸੇਵੀ ਸ੍ਰੀ ਨਿੱਝਰ ਦੇ ਵੱਡੇ ਉਪਰਾਲਿਆਂ ਤੋਂ ਸਾਫ਼ ਹੈ ਕਿ ਐੱਨਆਰਆਈ ਹੁੰਦਿਆਂ ਵੀ ਉਨ੍ਹਾਂ ਦਾ ਦਿਲ ਪੰਜਾਬ ’ਚ ਧੜਕਦਾ ਹੈ। ਅਜਿਹੇ ਲੋਕ-ਪੱਖੀ ਕੈਂਪ ਹੋਰਨਾਂ ਐੱਨਆਰਆਈ ਭਰਾਵਾਂ ਲਈ ਰਾਹ ਦਰਸਾਉ ਤੇ ਪ੍ਰੇਰਣਾਸਰੋਤ ਹਨ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਫਿਲਮੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਜੋ ਐਨਆਰਆਈ ਨਿੱਝਰ ਲੋਕਾਂ ਲਈ ਕਰ ਰਹੇ ਹਨ ਉਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਉਨ੍ਹਾਂ ਡਰਾਅ ਰਾਹੀਂ ਘਰਾਂ ਤੋਂ ਵਾਂਝੇ ਮਜ਼ਦੂਰਾਂ ਦੀਆਂ ਚਾਰ ਪਰਚੀਆਂ ਕੱਢੀਆਂ ਜਿਨ੍ਹਾਂ ਦੇ ਐਨਆਰਆਈ ਵੱਲੋਂ ਘਰ ਬਣਵਾਏ ਜਾਣਗੇ। ਸੁਰਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਸਾਲਾਂ ਤੋਂ ਲਗਾਏ ਗਏ ਕੈਂਪਾਂ ਵਿੱਚੋਂ ਉਨ੍ਹਾਂ ਦਾ ਇਹ ਸਭ ਤੋਂ ਵੱਡਾ ਕੈਂਪ ਹੈ ਅਤੇ ਉਹ ਅਜਿਹੇ ਲੋਕ ਸੇਵਾ ਦੇ ਉਪਰਾਲੇ ਜ਼ਾਰੀ ਰੱਖਣਗੇ। ਜਾਣਕਾਰੀ ਅਨੁਸਾਰ ਕੈਂਪ ਦੌਰਾਨ ਛੇ ਹਜ਼ਾਰ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, 700 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ, 2200 ਸਿਲਾਈ ਮਸ਼ੀਨਾਂ, ਇੱਕ ਸੌ ਕੰਨਾਂ ਦੀਆਂ ਮਸ਼ੀਨਾਂ, ਇੱਕ ਸੌ ਵੀਲ੍ਹ ਚੇਅਰਾਂ ਲੋੜਵੰਦਾਂ ਨੂੰ ਵੰਡੀਆਂ ਗਈਆਂ ਜਦੋਂ 20 ਲੋੜਵੰਦਾਂ ਨੂੰ ਘਰ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਗਈ।