ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਅੱਜ ਇੱਥੇ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਿੱਖਿਆ ਨੀਤੀ ਨੂੰ ਲੈ ਕੇ ਲਾਗੂ ਕੀਤੇ ਜਾ ਰਹੇ ਫਾਸ਼ੀ ਏਜੰਡਿਆਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਆਗੂ ਲਖਵਿੰਦਰ ਬੌੜਾਂ ਅਤੇ ਗੁਰਵਿੰਦਰ ਭਵਾਨੀਗੜ੍ਹ ਨੇ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੀ ਓਟ ਹੇਠ ਕੇਂਦਰ ਦੀ ਮੋਦੀ ਸਰਕਾਰ ਆਪਣੇ ਫਾਸ਼ੀ ਏਜੰਡਿਆਂ ਨੂੰ ਲਾਗੂ ਕਰ ਰਹੀ ਹੈ ਅਤੇ ਨਵੀਂ ਸਿੱਖਿਆ ਨੀਤੀ ਇਸੇ ਮਨਸੂਬਿਆਂ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪੜ੍ਹਾਈ ਸਕੂਲਾਂ ਵਿੱਚ ਸਿਰਫ਼ ਵਟਸਐਪ ਤੱਕ ਸੀਮਿਤ ਰਹਿ ਚੁੱਕੀ ਹੈ ਜਦੋਂਕਿ ਇਸ ਲਈ ਪਹਿਲਾਂ ਆਨਲਾਈਨ ਢਾਂਚਾ ਵਿਕਸਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣੇ ਚਾਹੀਦੇ ਸਨ ਅਤੇ ਅਧਿਆਪਕਾਂ ਨੂੰ ਇਸ ਬਾਰੇ ਸਿਖਲਾਈ ਮਿਲਣੀ ਚਾਹੀਦੀ ਸੀ।
ਵਿਦਿਆਰਥੀ ਆਗੂਆਂ ਨੇ ਐਸਸੀ ਵਿਦਿਆਰਥੀਆਂ ਤੋਂ ਫੀਸਾਂ ਲੈਣ ਦੇ ਫ਼ੈਸਲੇ ਬਾਰੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਤੋਂ ਨਾ ਮੋੜਣਯੋਗ ਫੀਸ ਨਹੀਂ ਲਈ ਜਾ ਸਕਦੀ, ਜਿਸ ਕਰ ਕੇ ਇਹ ਫ਼ੈਸਲਾ ਵਾਪਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਕਰੋਨਾ ਦੀ ਓਟ ਹੇਠ ਜਨਤਕ ਇਕੱਠਾਂ ’ਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਦੀਆਂ ਵਿਦਿਆਰਥੀ ਅਤੇ ਮਾਪਿਆਂ ਵਿਰੋਧੀ ਨੀਤੀਆਂ ਦੀ ਵੀ ਨਿਖੇਧੀ ਕੀਤੀ। ਦੋਵੇਂ ਆਗੂਆਂ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਉਪਰੋਕਤ ਮੰਗਾਂ ਨੂੰ ਮਨਵਾਉਣ ਲਈ 18 ਅਗਸਤ ਨੂੰ ਪਟਿਆਲਾ ਵਿਚ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਤਨਾਮ ਸਿੰਘ, ਮਨਜੀਤ ਸਿੰਘ, ਹਰਿੰਦਰ, ਲਵਪ੍ਰੀਤ, ਸੁਰਿੰਦਰ, ਕ੍ਰਿਸ਼ਨਜੋਤ ਅਤੇ ਰੋਹਨ ਸਮੇਤ ਕਾਫੀ ਹਾਜ਼ਰ ਸਨ।