ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 2 ਦਸੰਬਰ
ਭਾਵੇਂ ਕਿ ਇਲਾਕੇ ਵਿੱਚੋਂ ਵੱਡੀ ਗਿਣਤੀ ਕਿਸਾਨ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਗਏ ਹੋਏ ਹਨ ਪਰ ਸ਼ਹਿਰ ਵਿੱਚ ਤਿੰਨ ਥਾਈਂ ਲੱਗੇ ਧਰਨਿਆਂ ’ਚ ਵੀ ਕਿਸਾਨਾਂ ਦੀ ਹਾਜ਼ਰੀ ਜਿਉਂ ਦੀ ਤਿਉਂ ਬਰਕਰਾਰ ਹੈ। ਸੁਨਾਮ ਵਿੱਚ ਰਿਲਾਇੰਸ ਦੇ ਟਰੈਂਡਜ਼ ਮਾਲ, ਭਾਜਪਾ ਆਗੂ ਰਿਸ਼ੀ ਖੇਰਾ ਅਤੇ ਵਿਨੋਦ ਗੁਪਤਾ ਦੇ ਦਫ਼ਤਰਾਂ ਅੱਗੇ ਕਿਸਾਨਾਂ ਵੱਲੋਂ ਲਗਾਏ ਮੋਰਚੇ ਬਾਦਸਤੂਰ ਜਾਰੀ ਹਨ।
ਸ਼ਹਿਰ ਵਿਚ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਗੁਰਭਗਤ ਸ਼ਾਹਪੁਰ ਅਤੇ ਗੋਗਬੰਦ ਚੱਠੇ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਨਾ ਸਮਝ ਲੈਣ ਕਿ ਦਿੱਲੀ ਦੀਆਂ ਸੜਕਾਂ ਰੋਕਣ ਤੋਂ ਬਾਅਦ ਪਿੱਛੇ ਚੱਲ ਰਹੇ ਧਰਨੇ ਖਾਲੀ ਹੋ ਜਾਣਗੇ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦਾ ਬੱਚਾ-ਬੱਚਾ ਮੋਦੀ ਸਰਕਾਰ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਨਿੱਤਰ ਕੇ ਸੜਕਾਂ ’ਤੇ ਆ ਗਿਆ ਹੈ। ਪ੍ਰਧਾਨ ਮੰਤਰੀ ਸ਼ਾਇਦ ਇਹੀ ਸੋਚ ਰਹੇ ਹੋਣਗੇ ਕਿ ਜਿਵੇਂ ਹੋਰਨਾਂ ਸੂਬਿਆਂ ਦੇ ਲੋਕਾਂ ਉੱਤੇ ਆਪਣੀ ਹਿਟਲਰਸ਼ਾਹੀ ਸੋਚ ਚਲਾ ਕੇ ਉਨ੍ਹਾਂ ਨੂੰ ਦੱਬ ਲਿਆ ਗਿਆ, ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਦੱਬ ਜਾਣਗੇ ਪਰ ਉਨ੍ਹਾਂ ਦਾ ਇਹੀ ਸੋਚਣਾ ਬਿਲਕੁਲ ਗ਼ਲਤ ਸੀ ਕਿਉਂਕਿ ਪੰਜਾਬ ਦੀ ਆਬੋ ਹਵਾ ਅਣਖਾਂ-ਜਾਈ ਹੈ ਅਤੇ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂਆਂ, ਰਿਸ਼ੀਆਂ, ਮੁਨੀਆਂ, ਪੀਰਾਂ-ਫ਼ਕੀਰਾਂ ਅਤੇ ਸਿਰਲੱਥ ਯੋਧਿਆਂ ਦੀ ਧਰਤੀ ਦੇ ਲੋਕ ਆਪਣੇ ਹੱਕਾਂ ਦੀ ਆਵਾਜ਼ ਨੂੰ ਦਿਲ ਦੇ ਅੰਦਰ ਦੱਬ ਕੇ ਹੀ ਬੈਠ ਜਾਣਗੇ। ਆਗੂਆਂ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਹਾਲੇ ਵੀ ਸਮਝ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਸੰਘਰਸ਼ ਦਾ ਅੰਤ ਬਹੁਤ ਮਾੜਾ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ਹੁਣ ਵਾਪਸ ਮੁੜਨ ਵਾਲੇ ਨਹੀਂ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦਿੱਲੀ ਮੋਰਚੇ ਵਿੱਚ ਭਾਵੇਂ ਕਿ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਦੀ ਸ਼ਮੂਲੀਅਤ ਹੈ ਪਰ ਇਸ ਦੇ ਬਾਵਜੂਦ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਅੱਗੇ ਅੱਜ 63ਵੇਂ ਦਿਨ ਵੀ ਧਰਨੇ ਠੰਢੇ ਨਹੀਂ ਹੋਣ ਦਿੱਤੇ ਗਏ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜ਼ਾ ਮਾਝੀ ’ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਬਾਲਦ ਕਲਾਂ, ਬਘੇਲ ਸਿੰਘ ਮਾਝੀ, ਅੰਗਰੇਜ਼ ਸਿੰਘ, ਹਾਕਮ ਸਿੰਘ, ਲਾਭ ਸਿੰਘ, ਮੇਜਰ ਸਿੰਘ ਬਾਲਦ ਕਲਾਂ, ਚਰਨਜੀਤ ਭੜੋ, ਗੁਰਚਰਨ ਸਿੰਘ ਬੀਂਬੜੀ, ਜਗਦੀਸ਼ ਸਿੰਘ, ਹਰਦੀਪ ਨਕਟੇ, ਕੁਲਵੰਤ ਕੌਰ ਨਕਟੇ, ਕੁਲਵਿੰਦਰ ਕੌਰ, ਸਾਨੀਆਂ ਬੇਗਮ, ਜਸ਼ਨਦੀਪ ਕੌਰ ਅਤੇ ਅਵਤਾਰ ਸਿੰਘ ਬਾਲਦ ਖੁਰਦ ਨੇ ਕਿਹਾ ਕਿ ਦਿੱਲੀ ਮੋਰਚੇ ਦੇ ਬਾਵਜੂਦ ਇੱਥੇ ਵੀ ਧਰਨੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਟਾਲਮਟੋਲ ਦੀ ਨੀਤੀ ਬੰਦ ਕਰ ਕੇ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਘਰਾਚੋਂ, ਮੇਵਾ ਸਿੰਘ ਕਾਲਾਝਾੜ, ਬਲਵੀਰ ਸਿੰਘ ਨਾਗਰਾ ਅਤੇ ਚਰਨਜੀਤ ਕੌਰ ਰਾਜਪੁਰਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ਮੂਹਰੇ ਲਗਾਏ ਗਏ ਧਰਨਿਆਂ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਕਾਨੂੰਨ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ। ਉਨਾਂ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੁਣ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਲਈ ਪਿੰਡਾਂ ਵਿੱਚੋਂ ਰਾਸ਼ਨ ਵੀ ਭੇਜਿਆ ਜਾ ਰਿਹਾ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਕੇਂਦਰ ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨ ਸੰਘਰਸ਼ ਨੂੰ ਪ੍ਰਚੰਡ ਕਰਦੇ ਹੋਏ ਪਿੰਡਾਂ ’ਚ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੇ ਜਾਣ ਤੋਂ ਇਲਾਵਾ ਰੋਸ ਮੁਜ਼ਾਹਰੇ ਤੇਜ਼ ਕਰ ਦਿੱਤੇ ਗਏ ਹਨ। ਉੱਥੇ ਹੀ ਜਥੇਬੰਦੀ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 63ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੋਰ ਨੇ ਦੱਸਿਆ ਕਿ ਦਿੱਲੀ ਸੰਘਰਸ਼ ’ਚ ਲਗਾਤਾਰ ਲੋਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਜਥੇਬੰਦੀ ਵੱਲੋਂ ਇਕੱਲੇ ਦਿੱਲੀ ਬਾਰਡਰਾਂ ’ਤੇ 12 ਸਟੇਜਾਂ ਹਰ ਸਮੇਂ ਚਲਾਕੇ ਸੰਘਰਸ਼ ਨੂੰ ਮਘਾਇਆ ਜਾ ਰਿਹਾ ਹੈ। ਉੱਧਰ, ਲਹਿਰਾਗਾਗਾ ਦੇ ਲਗਾਤਾਰ ਧਰਨੇ ਦੀ ਅਗਵਾਈ ਅੱਜ ਇਸਤਰੀ ਆਗੂ ਕਰਮਜੀਤ ਕੌਰ ਭੁਟਾਲ ਨੇ ਕੀਤੀ।
ਕੰਧ ’ਤੇ ਲਿਖਿਆ ਪੜ੍ਹ ਲਵੇ ਕੇਂਦਰ ਸਰਕਾਰ: ਕਿਸਾਨ ਆਗੂ
ਸੰਗਰੂਰ (ਗੁਰਦੀਪ ਸਿੰਘ ਲਾਲਾ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸਥਾਨਕ ਰੇਲਵੇ ਸਟੇਸ਼ਨ ਨੇੜੇ ਕਰੀਬ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਮੋਰਚੇ ’ਤੇ ਕਿਸਾਨ ਡਟੇ ਹੋਏ ਹਨ। ਭਾਵੇਂ ਕਿ ਦਿੱਲੀ ਮੋਰਚੇ ’ਚ ਵੱਡੀ ਗਿਣਤੀ ਕਿਸਾਨ ਸ਼ਮੂਲੀਅਤ ਕਰ ਗਏ ਹਨ ਪਰ ਇਸ ਦੇ ਬਾਵਜੂਦ ਇੱਥੇ ਵੀ ਸੰਘਰਸ਼ ਨੂੰ ਜਾਰੀ ਰੱਖਿਆ ਹੋਇਆ ਹੈ। ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਅਤੇ ਖੇੜੀ ਰਿਲਾਇੰਸ ਪੰਪ ਅੱਗੇ ਰੋਸ ਧਰਨੇ ਦੀ ਕਮਾਨ ਕਿਸਾਨ ਬੀਬੀਆਂ ਨੇ ਸੰਭਾਲ ਰੱਖੀ ਹੈ। ਇਨ੍ਹਾਂ ਰੋਸ ਧਰਨਿਆਂ ਦੌਰਾਨ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੋਦੀ ਸਰਕਾਰ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਪਾਠ ਪੜ੍ਹਾਉਣਾ ਛੱਡ ਕੇ ਸਿੱਧੇ ਤੌਰ ’ਤੇ ਤਿੰਨੋਂ ਖੇਤੀ ਕਾਨੂੰਨ ਤੁਰੰਤ ਰੱਦ ਕਰੇ। ਉਨ੍ਹਾਂ ਕੇਂਦਰ ਨੂੰ ਚੁਣੌਤੀ ਦਿੱਤੀ ਕਿ ਦੇਸ਼ ਦੀ ਰਾਜਧਾਨੀ ’ਚ ਚੱਲ ਰਹੇ ਮੋਰਚੇ ਤੋਂ ਕਿਸਾਨ ਕਿਸੇ ਵੀ ਪਿੱਛੇ ਨਹੀਂ ਹਟਣਗੇ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਪਰਤਣਗੇ। ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਹਰਮੇਲ ਸਿੰਘ ਮਹਿਰੋਕ, ਗੁਰਦੇਵ ਸਿੰਘ ਤੁੰਗਾਂ, ਨਿਰੰਜਣ ਸਿੰਘ ਚੁਨਾਗਰਾ, ਮਾਸਟਰ ਪ੍ਰੀਤਮ ਸਿੰਘ ਕਾਂਝਲਾ, ਹਰਜੀਤ ਸਿੰਘ, ਕਲੌਦੀ, ਨਾਜਰ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਕਿਉਂਕਿ ਸਮੁੱਚੇ ਦੇਸ਼ ਦੇ ਕਿਸਾਨ ਦਿੱਲੀ ਮੋਰਚੇ ਵੱਲ ਵਹੀਰਾਂ ਘੱਤ ਰਹੇ ਹਨ ਅਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਪਿੱਠ ’ਤੇ ਆ ਖੜ੍ਹੇੇ ਹਨ। ਦਿੱਲੀ ਦੇ ਲੋਕਾਂ ਵਲੋਂ ਵੀ ਮੋਰਚੇ ’ਤੇ ਡਟੇ ਕਿਸਾਨਾਂ ਨੂੰ ਪਲਕਾਂ ’ਤੇ ਬਿਠਾਇਆ ਜਾ ਰਿਹਾ ਹੈ ਅਤੇ ਪੂਰੀ ਡਟਵੀਂ ਹਮਾਇਤ ਕਰ ਰਹੇ ਹਨ। ਵਿਦੇਸ਼ਾਂ ’ਚ ਬੈਠੇ ਪੰਜਾਬੀਆਂ ਦੀ ਹਰ ਪਲ ਟੇਕ ਕਿਸਾਨ ਅੰਦੋਲਨ ’ਤੇ ਟਿਕੀ ਹੋਈ ਹੈ ਅਤੇ ਪੂਰੀ ਹਮਾਇਤ ਦੇ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਕਿਸਾਨ ਹੁਣ ਦਿੱਲੀ ਤੋਂ ਖਾਲੀ ਹੱਥ ਨਹੀਂ ਪਰਤਣਗੇ ਅਤੇ ਆਪਣੇ ਹੱਕ ਲੈ ਕੇ ਮੁੜਨਗੇ। ਉੱਧਰ, ਭਾਜਪਾ ਆਗੂ ਦੇ ਘਰ ਅੱਗੇ ਅਤੇ ਖੇੜੀ ਰਿਲਾਇੰਸ ਪੰਪ ਅੱਗੇ ਵੀ ਕਿਸਾਨ ਬੀਬੀਆਂ ਵੀ ਕੇਂਦਰ ਸਰਕਾਰ ਖ਼ਿਲਾਫ਼ ਗਰਜ ਰਹੀਆਂ ਹਨ। ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਅਣਖੀਂ ਲੋਕਾਂ ਨੇ ਕਦੇ ਹਾਰ ਕਬੂਲ ਨਹੀਂ ਕੀਤੀ ਅਤੇ ਹਮੇਸ਼ਾਂ ਜਿੱਤਾਂ ਦਰਜ ਕੀਤੀਆਂ ਹਨ। ਦੇਸ਼ ਲਈ ਪੰਜਾਬੀਆਂ ਦੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਮੋਦੀ ਸਰਕਾਰ ਨੂੰ ਜ਼ਿੱਦ ਛੱਡ ਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਅੰਨਦਾਤਾ ਖੁਸ਼ਹਾਲ ਰਹਿ ਸਕੇ।