ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 7 ਜੂਨ
ਹਲਕਾ ਲੋਕ ਸਭਾ ਸੰਗਰੂਰ ਤੋਂ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੇ ਆਪਣੇ ਨਾਮਜ਼ਦਗੀ ਪੱਤਰ ਭਰਨ ਮਗਰੋਂ ਆਪਣੇ ਵਰਕਰਾਂ ਸਮੇਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਭੇਟ ਕੀਤਾ ਗਿਆ।
ਬੀਬੀ ਰਾਜੋਆਣਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਸੂਬੇ ਵਿੱਚ ਦਿਨ ਪ੍ਰਤੀ ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਗੇ ਅਤੇ ਉਹ ਐੱਮਪੀ ਫੰਡਾਂ ਨੂੰ ਇਮਾਨਦਾਰੀ ਨਾਲ ਹਲਕੇ ਦੇ ਵਿਕਾਸ ਕਾਰਜ ਕਰਵਾਉਣ ਲਈ ਖਰਚਣਗੇ। ਬੀਬੀ ਰਾਜੋਆਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਲਕਾ ਲੋਕ ਸਭਾ ਸੰਗਰੂਰ ਤੋਂ ਜਿਤਾਉਣ, ਤਾਂ ਜੋ ਉਹ ਪਾਰਲੀਮੈਂਟ ਵਿੱਚ ਜਾ ਕੇ ਸੂਬੇ ਦੇ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਅਤੇ ਹੋਰ ਸਿੱਖ ਕੌਮ ਦੇ ਮੁੱਦਿਆਂ ਨੂੰ ਉਭਾਰ ਸਕਣ। ਬੀਬੀ ਰਾਜੋਆਣਾ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਜਾ ਕੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨਗੇ ਉਥੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਇਨਸਾਫ਼ ਦੀ ਮੰਗ ਕਰਨਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਕਰਨੈਲ ਸਿੰਘ ਪੀਰ ਮੁਹੰਮਦ, ਬੰਦੀ ਸਿੰਘ ਰਿਹਾਈ ਮੋਰਚਾ ਤੋਂ ਭਵਨਦੀਪ ਸਿੰਘ, ਬਾਬਾ ਜੰਗ ਸਿੰਘ, ਅਪਜਿੰਦਰ ਸਿੰਘ ਗੋਲਡੀ, ਦਰਸ਼ਨ ਸਿੰਘ ਘੋਲੀਆ, ਭਾਈ ਬਲਜੀਤ ਸਿੰਘ, ਗੁਰਦੀਪ ਸਿੰਘ ਅਤਰ ਸਿੰਘ ਵਾਲਾ, ਬਲਜੀਤ ਸਿੰਘ ਧਨੌਲਾ ਸਮੇਤ ਹੋਰ ਮੋਹਤਬਰ ਸ਼ਖ਼ਸੀਅਤਾਂ ਵੀ ਮੌਜੂਦ ਸਨ।