ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਨਵੰਬਰ
ਸੂਬਾ ਸਰਕਾਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਰਾਹੀਂ ਮਨਾਏ ਜਾ ਰਹੇ ‘ਪੰਜਾਬੀ ਮਾਹ’ ਦੀ ਲੜੀ ਤਹਿਤ ਅੱਜ ਦੂਜਾ ਸਮਾਗਮ ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਹੋਇਆ। ਇਸ ਦੌਰਾਨ ਯੁਵਾ ਸਾਹਿਤ ਅਕਾਦਮੀ ਇਨਾਮ ਜੇਤੂ ਪਰਗਟ ਸਿੰਘ ਸਤੌਜ ਨਾਲ ਲੇਖਕ ਮਿਲਣੀ ਕਰਵਾਈ ਗਈ। ਭਾਸ਼ਾ ਵਿਭਾਗ ਦੀ ਡਾਇਰੈਕਟਰ ਕਰਮਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਅਤੇ ਵਿਭਾਗੀ ਗਤੀਵਿਧੀਆਂ ’ਤੇ ਚਾਨਣਾ ਪਾਇਆ। ਉਨ੍ਹਾਂ ਪਰਗਟ ਸਿੰਘ ਸਤੌਜ ਦੇ ਜੀਵਨ ਤੋਂ ਪ੍ਰਭਾਵਿਤ ਹੁੰਦਿਆਂ ਕਾਲਜ ਵਿਦਿਆਰਥੀਆਂ ਨੂੰ ਚੰਗੇਰਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਸਤਨਾਮ ਸਿੰਘ ਨੇ ਪ੍ਰਗਟ ਸਤੌਜ ਦੀ ਲੇਖਣੀ ਬਾਰੇ ਦੱਸਿਆ ਕਿ ਲੇਖਕ ਨੇ ਯੁਵਾ ਸਾਹਿਤ ਅਕਾਦਮੀ ਇਨਾਮ ਹਾਸਲ ਕਰਕੇ ਪੰਜਾਬੀ ਗਲਪ ਦਾ ਸਿਰ ਉੱਚਾ ਕੀਤਾ ਹੈ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਡਾ. ਭਗਵੰਤ ਸਿੰਘ, ਪ੍ਰਿੰਸੀਪਲ ਸੁਖਬੀਰ ਸਿੰਘ ਅਤੇ ਪ੍ਰੋ. ਇਕਬਾਲ ਸਿੰਘ ਵਲੋਂ ਪਰਗਟ ਸਤੌਜ ਦੇ ਜੀਵਨ ਅਤੇ ਰਚਨਾ ਬਾਰੇ ਚਾਨਣਾ ਪਾਇਆ।
ਅਧਿਆਪਕਾਂ, ਵਿਦਿਆਰਥੀਆਂ ਅਤੇ ਪਾਠਕਾਂ ਦੇ ਸਨਮੁੱਖ ਹੁੰਦਿਆਂ ਪਰਗਟ ਸਿੰਘ ਸਤੌਜ ਨੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਉਦਿਆਂ ਦੱਸਿਆਂ ਕਿ ਉਨ੍ਹਾਂ ਆਪਣਾ ਆਲੇ-ਦੁਆਲੇ ਵਾਪਰ ਦੀਆਂ ਘਟਨਾਵਾਂ, ਹਾਸ਼ੀਏ ’ਤੇ ਰਹਿ ਰਹੇ ਲੋਕਾਂ ਅਤੇ ਸਮਾਜਿਕ ਤੌਰ ’ਤੇ ਘਿਰਣਾ ਦਾ ਸ਼ਿਕਾਰ ਲੋਕਾਂ ਨੂੰ ਪਾਠਕਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਹੈ। ਉਨ੍ਹਾਂ ਪਾਠਕਾਂ ਵੱਲੋਂ ਮਿਲੇ ਪਿਆਰ ਤੇ ਸਨੇਹ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਦੇ ਸਾਹਿਤਕ ਸਫ਼ਰ ਅਤੇ ਜੀਵਨ ਬਾਰੇ ਕੀਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸਮਾਗਮ ਦੌਰਾਨ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦਾ ਲੰਗਰ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਿਭਾਗੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਹ ਸਮੁੱਚੇ ਸਮਾਗਮ ਦੀ ਰੂਪ ਰੇਖਾ ਹਾਕਮ ਸਿੰਘ, ਭਗਵਾਨ ਸਿੰਘ ਅਤੇ ਜਗਦੇਵ ਸਿੰਘ ਨੇ ਕੀਤੀ। ਮੰਚ ਸੰਚਾਲਨ ਪ੍ਰੋ. ਸੁਖਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮੇਵਾ ਰਾਮ, ਪ੍ਰੋ. ਮਨਦੀਪ ਕੌਰ, ਪ੍ਰੋ. ਮਨਦੀਪ ਦਿੜਬਾ, ਪ੍ਰੋ. ਤਪਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਪਰਮਪ੍ਰੀਤ ਕੌਰ, ਭੁਪਿੰਦਰ ਸਿੰਘ ਮਾਨ, ਹਾਸਰਸ ਕਵੀ ਜੰਗ ਸਿੰਘ ਫੱਟੜ, ਸਾਹਿਤਕਾਰ ਗੁਰਨਾਮ ਸਿੰਘ ਤੋਂ ਇਲਾਵਾ ਭਾਸ਼ਾ ਵਿਭਾਗ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ, ਪ੍ਰਵੀਨ ਕੁਮਾਰ, ਸਹਾਇਕ ਡਾਇਰੈਕਟਰ ਅਤੇ ਤੇਜਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ।