ਬੀਰਬਲ ਰਿਸ਼ੀ
ਸ਼ੇਰਪੁਰ, 26 ਜੂਨ
ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ’ਚ ਕੋਵਿਡ-19 ਵੈਕਸੀਨ ਨਾ ਲਗਾਏ ਜਾਣ ’ਤੇ ਕਾਂਗਰਸੀ ਆਗੂਆਂ ਨੇ ਸਵਾਲ ਚੁਕਦਿਆਂ ਹਸਪਤਾਲ ’ਚ ਰੋਸ ਪ੍ਰਗਟਾਇਆ ਤੇ ਤਕਰੀਬਨ ਤਿੰਨ ਦਰਜਨ ਪਿੰਡਾਂ ਨਾਲ ਸਬੰਧਤ ਹੈਲਥ ਸੈਂਟਰ ਨੂੰ ਚਿੱਟਾ ਹਾਥੀ ਕਰਾਰ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਚਮਕੌਰ ਸਿੰਘ ਭੋਲਾ ਟਿੱਬਾ ਅਤੇ ਸਾਬਕਾ ਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ ਢਾਈ ਤਿੰਨ ਮਹੀਨੇ ਪਹਿਲਾਂ ਵੈਕਸਿਨ ਦੀ ਪਹਿਲੀ ਡੋਜ਼ ਲਗਵਾਏ ਜਾਣ ਮਗਰੋਂ ਪਹਿਲਾਂ 28 ਦਿਨਾਂ ਬਾਅਦ ਦੂਜੀ ਡੋਜ਼ ਲਗਵਾਏ ਜਾਣ ਲਈ ਕਿਹਾ, ਫਿਰ ਵੈਕਸਿਨ ਦੀ ਘਾਟ ਕਾਰਨ 42 ਦਿਨਾਂ ਬਾਅਦ ਤੇ ਅਖੀਰ 84 ਦਿਨਾਂ ਬਾਅਦ ਟੀਕਾਕਰਨ ਕਰਵਾਏ ਜਾਣ ਲਈ ਕਿਹਾ। ਆਗੂਆਂ ਨੇ ਦੱਸਿਆ ਕਿ ਅੱਜ ਚੌਥੀ ਵਾਰ ਇਹ ਕਹਿ ਕੇ ਮੋੜ ਦਿੱਤਾ ਕਿ ਹਸਪਤਾਲ ਕੋਲ ਮਹਿਜ਼ ਰੋਜ਼ਾਨਾ 30 ਡੋਜ਼ਾਂ ਹੀ ਆਉਂਦੀਆਂ ਹਨ, ਜਿਸ ਕਰਕੇ ਅੱਜ ਟੀਕਾ ਨਹੀਂ ਲਗਾਇਆ ਜਾ ਸਕਦਾ। ਇਸੇ ਤਰ੍ਹਾਂ ਰਾਜਵਿੰਦਰ ਸਿੰਘ, ਗੁਰਮੇਲ ਸਿੱਧੂ, ਚੂਹੜ ਸਿੰਘ ਨੇ ਪਹਿਲੀ ਡੋਜ਼ ਨੂੰ ਜਵਾਬ ਮਿਲਣ ਦਾ ਖੁਲਾਸਾ ਕੀਤਾ। ਉਕਤ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸ਼ੇਰਪੁਰ ਹਸਪਤਾਲ ਦੀ ਕਰੌੜਾਂ ਰੁਪਏ ਦੀ ਇਮਾਰਤ ਬਣੀ ਹੋਈ ਹੈ, ਲੋਕਾਂ ਨੇ ਲੰਮੀ ਲੜਾਈ ਲੜ ਕੇ ਇੱਥੇ ਡਾਕਟਰੀ ਅਮਲਾ, ਡਾਕਟਰਾਂ ਦੇ ਔਜ਼ਾਰ ਤੇ ਮਸ਼ੀਨਾਂ ਲਿਆਂਦੀਆਂ ਪਰ ਤਿੰਨ ਦਰਜਨ ਪਿੰਡਾਂ ਨਾਲ ਸਬੰਧਤ ਇਸ ਹਸਪਤਾਲ ਵਿੱਚ ਮਹਿਜ਼ 30 ਡੋਜ਼ਾਂ ਵੈਕਸੀਨ ਆਉਣ ਦੀ ਗੱਲ ’ਤੇ ਜਾਂਚ ਹੋਣੀ ਚਹੀਦੀ ਹੈ।
ਦੂਜੀ ਖੁਰਾਕ 84 ਦਿਨਾਂ ਬਾਅਦ ਹੀ ਲੱਗਦੀ ਹੈ: ਡਾਕਟਰ
ਐੱਸਐੱਮਓ ਸ਼ੇਰਪੁਰ ਕਿਰਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਭਾਵੇਂ ਵੈਕਸੀਨ ਦੀ ਕੋਈ ਘਾਟ ਨਹੀਂ ਹੈ, ਪਰ ਕੋਵਾਸ਼ੀਲਡ ਦੀ ਦੂਜੀ ਡੋਜ਼ 84 ਦਿਨਾਂ ਬਾਅਦ ਹੀ ਲਗਦੀ ਹੈ, ਜਿਸ ਸਬੰਧੀ ਆਖਰੀ ਤਾਰੀਕ ਦਾ ਸੁਨੇਹਾ ਵੀ ਮੋਬਾਈਲ ’ਤੇ ਹੀ ਆਉਂਦਾ ਹੈ। ਕੋਵਾਸ਼ੀਲਡ ਦੀ ਖਾਸ ਰਿਆਇਤ ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੈ, ਜੋ ਇੱਕ ਮਹੀਨੇ ਅੰਦਰ ਵੀ ਦੂਜੀ ਡੋਜ਼ ਲਗਵਾ ਸਕਦੇ ਹਨ ਅਤੇ ਟੀਕਾਕਰਨ ਸਿਰਫ਼ ਐੱਸਐੱਮਓ ਦਫ਼ਤਰ ਸੰਗਰੂਰ ਤੋਂ ਹੀ ਹੋ ਸਕਦਾ ਹੈ।