ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 1 ਅਗਸਤ
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਦੇ ਪ੍ਰਧਾਨ ਇਤਿਹਾਸਕਾਰ ਇੰਜ. ਰਾਕੇਸ਼ ਕੁਮਾਰ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਬਖਸ਼ੀਵਾਲਾ ਨੇ ਕਿਹਾ ਕਿ ਸੁਨਾਮ ਵਿੱਚ ਬਣੀ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਅਰਪਨ ਕੀਤੇ ਗਏ ਸ਼ਹੀਦ ਊਧਮ ਸਿੰਘ ਦਾ ਬੁੱਤ ਦੀ ਸ਼ਕਲ ਸ਼ਹੀਦ ਦੀ ਅਸਲ ਸ਼ਕਲ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਸਮਾਜ ਨੂੰ ਗਲਤ ਪਛਾਣ ਦੇਣਾ ਇੱਕ ਅਪਰਾਧ ਹੈ, ਜਦੋਂ ਕਿ ਸ਼ਹੀਦ ਦੀਆਂ ਅਸਲ ਫੋਟੋਆਂ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਹੀਦ ਦੀ ਅਸਲੀ ਪਛਾਣ ਵਾਲਾ ਬੁੱਤ ਹੀ ਲਗਾਉਣਾ ਚਾਹੀਦਾ ਹੈ ਜੇਕਰ ਅਜਿਹਾ ਨਾ ਹੋਇਆ ਤਾਂ ਵਿਚਾਰ ਮੰਚ ਵੱਲੋਂ ਸੰਘਰਸ਼ ਆਰੰਭਿਆ ਜਾਵੇਗਾ। ਇਸ ਤੋਂ ਪਹਿਲਾਂ ਵਿਚਾਰ ਮੰਚ ਦੇ ਆਹੁਦੇਦਾਰਾਂ ਦੀ ਅਗਵਾਈ ਦੇ ਵਿਚ ਵਿਕ ਵੱਡਾ ਕਾਫਲਾ ਸ਼ਿਵਨਿਕਤਨ ਧਰਮਸ਼ਾਲਾ ਤੋਂ ਚੱਲਕੇ, ਸ਼ਹੀਦ ਊਧਮ ਸਿੰਘ ਜ਼ਿੰਦਾਬਾਦ ਦੇ ਨਾਅਰੇ ਗੁੰਜਾਉਂਦਾ ਹੋਇਆ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਤੱਕ ਪਹੁੰਚਿਆ। ਇਸ ਮੌਕੇ ਇੰਜ. ਦਵਿੰਦਰ ਸਿੰਘ, ਬਲਵੀਰ ਲੌਂਗੋਵਾਲ, ਡਾ ਕੁਲਦੀਪ ‘ਦੀਪ’ ਬੋਹਾ ਸੁੱਖਵਿੰਦਰ ਸੁੱਖੀ ਪਟਿਆਲਾ, ਸੁਰਜੀਤ ‘ਜੱਜ’ ਦਾਤਾ ਨਮੋਲ, ਸੁਖਜੀਤ ਚੀਮਾ, ਕਰਮ ਸਿੰਘ ਛਾਜਲੀ, ਕਰਮ ਸਿੰਘ ਪਵਨ ਕੁਮਾਰ, ਵਿਸ਼ਵ ਕਾਂਤ ਮੋਹਕਮ ਸਿੰਘ ਪ੍ਰੇਮ ਸਰੂਪ ਆਦਿ ਹਾਜ਼ਰ ਸਨ।
ਸੀਪੀਆਈਐੱਮ ਵੱਲੋਂ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ
ਸੁਨਾਮ ਊਧਮ ਸਿੰਘ ਵਾਲਾ: ਸੀਪੀਆਈਐੱਮ ਵੱਲੋ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਹਾਰ ਪਾਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ । ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਜਰਨੈਲ ਸਿੰਘ ਜਨਾਲ ਨੇ ਕੀਤੀ । ਇਸ ਮੌਕੇ ਇੱਕਠੇ ਹੋਏ ਸਾਥੀਆਂ ਨੂੰ ਸੰਬੋਧਨ ਕਰਦੇ ਜਥੇਬੰਦੀ ਦੇ ਜਿਲ੍ਹਾ ਸੰਗਰੂਰ ਦੇ ਸੱਕਤਰ ਕਾਮਰੇਡ ਭੂਪ ਚੰਦ ਚੰਨੋ, ਕਾਮਰੇਡ ਵਰਿੰਦਰ ਕੌਸ਼ਿਕ, ਐਡਵੋਕੇਟ ਮਿੱਤ ਸਿੰਘ ਜਨਾਲ ਅਤੇ ਹੰਗੀ ਖਾਂ ਨੇ ਕਿਹਾ ਕਿ ਆਰਐਸਐਸ ਦੀ ਕਠਪੁਤਲੀ ਕੇਂਦਰ ਦੀ ਫਿਰਕਾਪ੍ਰਸਤ ਮੋਦੀ ਸਰਕਾਰ ਦੇਸ਼ ਦੇ ਧਰਮ-ਨਿਰਪੱਖ ਢਾਂਚੇ ਨੂੰ ਖਤਮ ਕਰਨ ਤੇ ਲੱਗੀ ਹੋਈ ਹੈ, ਉਨ੍ਹਾਂ ਕਿਹਾ ਕਿ ਦੇਸ ਦੇ ਧਰਮ ਨਿਰਪੱਖ ਢਾਂਚੇ ਦੀ ਰਾਖੀ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਹੋ ਸ਼ਹੀਦ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਮਿਊਨਿਸਟ ਆਗੂਆਂ ਨੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਬਿਨਾਂ ਸ਼ਰਤ ਮੁਆਫ਼ ਕੀਤੇ ਜਾਣ ਦੀ ਮੰਗ ਵੀ ਕੀਤੀ।