ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਦਸੰਬਰ
ਇੱਥੇ ਲਹਿਲ ਖੁਰਦ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਦੀ ਪੂਰਤੀ ਲਈ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਅੱਜ 429ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਇਸ ਮੋਰਚੇ ਵਿਚ ਸ਼ਾਮਲ ਕਿਸਾਨਾਂ-ਮਜ਼ਦੂਰਾਂ, ਬੀਬੀਆਂ ਅਤੇ ਨੌਜਵਾਨਾਂ ਨੇ ਕਿਸਾਨੀ ਮੰਗਾਂ ਪੂਰੀਆਂ ਨਾ ਕਰਨ ਦੇ ਦੋਸ਼ ਵਜੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਅੱਜ ਦੇ ਧਰਨੇ ਨੂੰ ਸੂਬਾ ਸਿੰਘ ਸੰਗਤਪੁਰਾ ਮੀਤ ਪ੍ਰਧਾਨ, ਕਰਨੈਲ ਸਿੰਘ ਗਨੋਟਾ ਖ਼ਜਾਨਚੀ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਕਰਮਜੀਤ ਕੌਰ ਭੁਟਾਲ ਕਲਾਂ , ਜਸਵਿੰਦਰ ਕੌਰ ਗਾਗਾ, ਬੰਤ ਕੌਰ ਘੋੜੇਨਬ ਆਦਿ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜੁਮਲਿਆਂ ਦੀ ਸਰਕਾਰ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਸਿਆਸੀ ਆਗੂਆਂ ਵੱਲੋਂ ਹੁਣ ਵੋਟਾਂ ਲੈਣ ਲਈ ਲੋਕਾਂ ਨੂੰ ਉੱਪਰੋਂ ਉੱਪਰੋ ਆਪਣਾਪਣ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨਾਲ ਪਹਿਲਾਂ ਕੀਤੇ ਵਾਅਦੇ ਅਜੇ ਤਕ ਪੂਰੇ ਨਹੀਂ ਕੀਤੇ ਗਏ ਤੇ ਹੁਣ ਨਵੇਂ ਵਾਅਦੇ ਕੀਤਾ ਜਾ ਰਹੇ ਹਨ। ਇਸ ਤੋਂ ਇਲਾਵਾ ਘਰ ਘਰ ਨੌਕਰੀ, ਪੰਜ-ਪੰਜ ਮਰਲਿਆਂ ਦੇ ਪਲਾਟ, ਬੇਰੁਜ਼ਗਾਰੀ ਭੱਤਾ, ਮੁਫ਼ਤ ਮੈਡੀਕਲ ਅਤੇ ਸਿੱਖਿਆ, ਕੱਚੇ ਕਾਮਿਆਂ ਨੂੰ ਪੱਕਾ ਕਰਨ, ਕਰਜ਼ਾ ਮੁਆਫੀ ਵਰਗੇ ਆਦਿ ਵਾਅਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗ ਰਹੇ ਹਨ ਜਥੇਬੰਦ ਹੋ ਰਹੇ ਹਨ ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜੁਮਲੇਬਾਜ਼ਾਂ ਨੂੰ ਘੇਰ ਕੇ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਸਰ ਹੁੰਦਾ ਹੈ ਕਿ ਸਿਆਸਤਦਾਨ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਸੱਤਾ ਹਾਸਲ ਕਰਦਿਆਂ ਹੀ ਉਹ ਇਨ੍ਹਾਂ ਵਾਅਦਿਆਂ ਨੂੰ ਭੁਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਿਆਸਤਦਾਨਾਂ ਕਾਰਨ ਹੀ ਆਜ਼ਾਦੀ ਮਿਲਣ ਦੇ ਪੌਣੀ ਸਦੀ ਬਾਅਦ ਵੀ ਲੋਕਾਂ ਦੀ ਹਾਲਤ ਵਿਚ ਜ਼ਿਆਦਾ ਸੁਧਾਰ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਰਹਿੰਦੀਆਂ ਕਿਸਾਨੀ ਮੰਗਾਂ ਜਲਦ ਪੂਰੀਆਂ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੂਬਾਈ ਅਤੇ ਦਿੱਲੀ ਦੇ ਮੋਰਚੇ ਜਾਰੀ ਰਹਿਣਗੇ।