ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਜੁਲਾਈ
ਸ਼ਹਿਰ ਨੂੰ ਆਪਸ ਵਿੱਚ ਜੋੜਨ ਵਾਲੇ ਰੇਲਵੇ ਅੰਡਰਬ੍ਰਿਜ ਵਿੱਚ ਭਰੇ ਮੀਂਹ ਦੇ ਪਾਣੀ ਵਿੱਚ ਅੱਜ ਸਵੇਰੇ ਸਵਾਰੀਆਂ ਨਾਲ ਭਰੀ ਬੱਸ ਫਸ ਗਈ। ਲੋਕਾਂ ਨੇ ਸਵਾਰੀਆਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਮੀਂਹ ਕਾਰਨ ਇਸ ਅੰਡਰਬ੍ਰਿਜ ਵਿੱਚ ਕਰੀਬ 10-15 ਫੁੱਟ ਪਾਣੀ ਭਰ ਜਾਂਦਾ ਹੈ। ਇਸ ਮਸਲੇ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪ੍ਰਸ਼ਾਸਨ ਨੂੰ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਮੰਡੀ ਵਾਲੇ ਪਾਸੇ ਨੂੰ ਬੱਸ ਸਟੈਂਡ ਨਾਲ ਜੋੜਨ ਵਾਲਾ ਅੰਡਰਬ੍ਰਿਜ ਜਦੋਂ ਤੋਂ ਬਣਿਆ ਹੈ, ਉਦੋਂ ਤੋਂ ਹੀ ਲੋਕਾਂ ਨੂੰ ਸੌਖ ਕਰਨ ਦੀ ਥਾਂ ਉਨ੍ਹਾਂ ਦੀ ਜਾਨ ਦਾ ਖੌਹ ਬਣਿਆ ਹੋਇਆ ਹੈ। ਇਸ ਵਿੱਚ ਪਾਣੀ ਭਰਨ ਕਾਰਨ ਸ਼ਹਿਰ ਵਾਸੀਆਂ ਨੂੰ ਆਪਣੇ ਵਾਹਨ ਦੂਜੇ ਪਾਸੇ ਲਿਜਾਣੇ ਮੁਸੀਬਤ ਬਣ ਜਾਂਂਦੀ ਹੈ। ਕਈ ਫੁੱਟ ਤਕ ਭਰੇ ਪਾਣੀ ਕਰ ਕੇ ਕਈ ਵਾਰ ਤਾਂ ਸਵਾਰੀਆਂ ਨਾਲ ਭਰੀਆਂ ਬੱਸਾਂ ਵੀ ਵਿਚਕਾਰ ਜਾ ਕੇ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਇਸ ਮੁਸੀਬਤ ਵਿੱਚ ਬਾਹਰ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਇਸ ਪੁਲ ਦੇ ਇੱਕ ਪਾਸੇ ਪਾਣੀ ਦੇ ਨਿਕਾਸ ਲਈ ਖੂਹ ਤਾਂ ਬਣੇ ਹੋਏ ਹਨ ਪਰ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖ-ਰੇਖ ਨਾ ਹੋਣ ਕਰ ਕੇ ਉਹ ਮਿੱਟੀ ਨਾਲ ਭਰੇ ਪਏ ਹਨ। ਇੱਥੇ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਬੱਸ ਸਟੈਂਡ ਵਾਲੇ ਪਾਸੇ ਹਨ ਅਤੇ ਬੱਸ ਸਟੈਂਡ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਮੰਡੀ ਵਾਲੇ ਪਾਸੇ ਹਨ। ਇਸ ਮੁਸੀਬਤ ਕਾਰਨ ਉਹ ਕਈ ਕਈ ਦਿਨ ਪ੍ਰੇਸ਼ਾਨ ਹੁੰਦੇ ਹਨ।
ਇਸ ਸਬੰਧੀ ‘ਆਪ’ ਆਗੂ ਦੀਪਕ ਜੈਨ ਨੇ ਦੱਸਿਆ ਕਿ ਰੇਲਵੇ ਦੇ ਜੇਈ ਅਤੇ ਐਸਡੀਓ ਨੇ ਪੁਲ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਇੱਕ ਮਹੀਨੇ ਵਿੱਚ ਮੁਸੀਬਤ ਦੇ ਹੱਲ ਦਾ ਭਰੋਸਾ ਦਿੱਤਾ ਹੈ। ਸ੍ਰੀ ਜੈਨ ਨੇ ਦੱਸਿਆ ਕਿ ਪਾਣੀ ਕੱਢਣ ਲਈ ਮੋਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ।