ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਜੁਲਾਈ
ਇੱਥੇ ਲੰਘੀ ਰਾਤ ਆਏ ਝੱਖੜ ਅਤੇ ਮੀਂਹ ਨੇ ਇਲਾਕੇ ਨੂੰ ਜਲਥਲ ਕਰ ਦਿੱਤਾ ਅਤੇ ਝੱਖੜ ਕਰਕੇ ਲਹਿਰਾਗਾਗਾ -ਸੁਨਾਮ-ਜਾਖਲ ਮੁੱਖ ਸੜਕ ’ਤੇ ਦਰਜਨਾਂ ਵੱਡੇ ਦਰੱਖਤ ਡਿੱਗਣ ਕਰਕੇ ਆਵਾਜਾਈ ਠੱਪ ਰਹੀ। ਲਹਿਰਾਗਾਗਾ-ਜਾਖਲ ਸੜਕ ’ਤੇ ਸਫੈਦੇ ਦੇ ਦਰੱਖਤ ਬਿਜਲੀ ਦੀਆਂ ਤਾਰਾਂ ਉੱਪਰ ਡਿੱਗਣ ਕਰਕੇ ਪੂਰੇ ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋ ਗਈ ਜਿਸ ਨੂੰ ਬਿਜਲੀ ਕਰਮਚਾਰੀ ਵੱਡੇ ਸਵੇਰੇ ਤੋਂ ਠੀਕ ਕਰਨ ਦੇ ਉਪਰਾਲਾ ਕਰ ਰਹੇ ਹਨ।
ਇਸੇ ਤਰ੍ਹਾਂ ਲਹਿਰਾਗਾਗਾ -ਸੁਨਾਮ ਮੁੱਖ ਸੜਕ ’ਤੇ ਵੇਰਕਾ ਮਿਲਕ ਪਲਾਂਟ ਨੇੜੇ ਅਤੇ ਖੋਖਰ ਤੱਕ ਦਰੱਖਤ ਟੁੱਟਣ ਕਰਕੇ ਵਾਹਨ ਫਸਣ ਕਰਕੇ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਬਦਲਵੇਂ ਰਸਤਿਆਂ ਤੋਂ ਲੰਘੀ। ਇਸ ਸੜਕ ’ਤੇ ਰਾਤ ਸਮੇਂ ਸੈਂਕੜੇ ਵਾਹਨ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਜਾਣ ਵਾਲੇ ਟਰੱਕ ਤੇ ਹੋਰ ਵਾਹਨ ਲੰਘਦੇ ਹਨ। ਰਾਤੀ ਆਏ ਝੱਖੜ ’ਚ ਅਜੇ ਤੱਕ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ। ਪਿੰਡ ਢੀਂਡਸਾ ਸਣੇ ਕਈ ਪਿੰਡਾਂ ਚ ਬਿਜਲੀ ਟਰਾਂਸਫਾਰਮਰ ਡਿੱਗਣ ਦੀ ਇਤਲਾਹ ਹੈ। ਕਿਸਾਨ ਆਗੂ ਬਹਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੀਂਹ ਕਰਕੇ ਖੇਤੀ ਲਈ ਬਿਜਲੀ ਦੀ ਕੋਈ ਲੋੜ ਨਹੀਂ ਪਵੇਗੀ ਅਤੇ ਝੋਨੇ ਲਾਉਣ ਅਤੇ ਬਾਸਮਤੀ ਤੇ ਹਰੇ ਚਾਰੇ ਵਾਲੇ ਖੇਤਰ ’ਚ ਝੋਨੇ ਲਾਉਣ ’ਚ ਤੇਜ਼ੀ ਆਵੇਗੀ। ਲੋਕਾਂ ਨੂੰ ਮੌਨਸੂਨ ਦੇ ਮੌਸਮ ’ਚ ਗਰਮੀ ਤੋਂ ਰਾਹਤ ਮਿਲੇਗੀ।
ਝੱਖੜ ਕਾਰਨ ਦਰੱਖਤ ਟਰੱਕ ਉੱਪਰ ਡਿੱਗਿਆ; ਚਾਲਕ ਗੰਭੀਰ ਜ਼ਖ਼ਮੀ
ਸਮਾਣਾ (ਅਸ਼ਵਨੀ ਗਰਗ): ਇੱਥੇ ਬੀਤੀ ਰਾਤ ਆਈ ਤੇਜ਼ ਹਨੇਰੀ ਕਾਰਨ ਸਮਾਣਾ-ਭਵਾਨੀਗੜ੍ਹ ਰੋਡ ’ਤੇ ਕੁਲਾਰਾਂ ਮੋੜ ਨੇੜੇ ਸੜਕ ਕਿਨਾਰੇ ਖੜੇ ਦਰੱਖ਼ਤ ਦੇ ਟਰੱਕ ਉੱਪਰ ਡਿੱਗਣ ਕਾਰਨ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਟਰੱਕ ਵੀ ਨੁਕਸਾਨਿਆ ਗਿਆ। ਟਰੱਕ ਵਿੱਚ ਫਸੇ ਟਰੱਕ ਚਾਲਕ ਜੈਨਪਾਲ ਸਿੰਘ ਵਾਸੀ ਸਰੈਂ ਪੱਤੀ ਸਮਾਣਾ ਨੂੰ ਕੁਝ ਲੋਕਾਂ ਨੇ ਕਾਫ਼ੀ ਜਦੋ-ਜਹਿਦ ਤੋਂ ਬਾਅਦ ਟਰੱਕ ਵਿੱਚੋਂ ਬਾਹਰ ਕੱਢਿਆ ਤੇ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਮਾਣਾ-ਪਟਿਆਲਾ ਰੋਡ ’ਤੇ ਮਾਰੂਤੀ ਸਜ਼ੂਕੀ ਦੇ ਸ਼ੋਅਰੂਮ ਵਿੱਚ ਹਨੇਰੀ ਕਾਰਨ ਸ਼ੀਸ਼ੇ ਟੁੱਟ ਗਏ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ।