ਧੂਰੀ (ਪਵਨ ਕੁਮਾਰ ਵਰਮਾ): ਇੱਥੇ ਲੰਘੀ ਦੇਰ ਰਾਤ ਤੇਜ਼ ਹਵਾ ਨਾਲ ਪਏ ਮੀਂਹ ਮਗਰੋਂ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਕਿਸਾਨਾਂ ਨੇ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੀਂਹ ਨਾਲ ਨਰਮੇ ਦੀ ਫ਼ਸਲ ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਇਥੇ ਬੀਤੀ ਰਾਤ ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਤੇ ਰੁੱਖ ਵੀ ਡਿੱਗ ਗਏ। ਉਧਰ ਸ਼ਹਿਰੀ ਖੇਤਰ ਵਿੱਚ ਮੀਂਹ ਦੇ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ।