ਪਵਨ ਕੁਮਾਰ ਵਰਮਾ
ਧੂਰੀ, 24 ਜੂਨ
ਧੂਰੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਅੱਜ ਹੋਈ ਬਾਰਿਸ਼ ਨਾਲ ਕਈ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਇਸ ਬਾਰਿਸ਼ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਕੰਮ ਵੀ ਤੇਜ਼ ਕਰ ਦਿੱਤਾ ਗਿਆ ਹੈ।
ਸ਼ਹਿਰ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਸੜਕਾਂ ’ਤੇ ਮੀਂਹ ਦਾ ਪਾਣੀ ਭਰ ਗਿਆ। ਸ਼ਹਿਰ ਵਿੱਚ ਸੀਵਰੇਜ ਪਾਉਣ ਤੋਂ ਬਾਅਦ ਵੀ ਨਿਕਾਸੀ ਪਾਈਪਾਂ ਦਾ ਪੱਧਰ ਅਤੇ ਆਕਾਰ ਠੀਕ ਨਾ ਹੋਣ ਕਾਰਨ ਬਾਰਿਸ਼ ਦਾ ਪਾਣੀ ਲੋਕਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਗਿਆ। ਦੂਸ਼ਿਤ ਪਾਣੀ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਕਰੋੜਾਂ ਰੁਪਏ ਖਰਚ ਕੇ ਸ਼ਹਿਰ ਵਿੱਚ ਪਾਏ ਸੀਵਰੇਜ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਪਾਣੀ ਦੀ ਨਿਕਾਸੀ ਠੱਪ ਪਈ ਹੈ। ਲੋਕਾਂ ਨੇ ਸ਼ਹਿਰ ’ਚ ਗੰਦੇ ਪਾਣੀ ਦੀ ਨਿਕਾਸ ਦੇ ਪ੍ਰਬੰਧ ਦਰੁਸਤ ਕਰਨ ਦੀ ਮੰਗ ਕੀਤੀ ਹੈ।