ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੂਨ
ਪਟਿਆਲਾ ਖੇਤਰ ’ਚ ਵੀਰਵਾਰ ਨੂੰ ਮੌਨਸੂਨ ਦੀ ਪਈ ਪਲੇਠੀ ਬਾਰਸ਼ ਨਾਲ ਆਮ ਲੋਕਾਂ ਸਮੇਤ ਪਸ਼ੂ ਪੰਛੀਆਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਖਾਸ ਕਰਕੇ ਇਨ੍ਹੀਂ ਦਿਨੀਂ ਝੋਨੇ ਲਾ ਰਹੇ ਕਿਸਾਨ ਵੀ ਬਾਗੋ-ਬਾਗ ਹੋ ਗਏ। ਨਾਲ਼ ਹੀ ਇਸ ਮੀਂਹ ਨਾਲ਼ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਕੱਤਰ ਵੇਰਵਿਆਂ ਅਨੁਸਾਰ ਅੱਜ ਪਟਿਆਲਾ ’ਚ 29 ਐੱਮ.ਐੱਮ ਬਾਰਸ਼ ਹੋਈ ਹੈ ਜਿਸ ਨਾਲ ਛੇ ਡਿਗਰੀ ਤੋਂ ਵੱਧ ਤਾਪਮਾਨ ਵੀ ਹੇਠਾਂ ਆ ਗਿਆ ਕਿਉਂਕਿ ਇੱਕ ਦਿਨ ਪਹਿਲਾਂ ਤੱਕ 35 ਡਿਗਰੀ ਦੇ ਕਰੀਬ ਰਿਹਾ ਤਾਪਮਾਨ ਮੀਂਹ ਪੈਣ ਮਗਰੋਂ ਤਕਰੀਬਨ 27 ਡਿਗਰੀ ਸੈਲਸੀਅਸ ’ਤੇ ਆ ਗਿਆ ਸੀ। ਅੱਜ ਸਵੇਰ ਹੁੰਦਿਆਂ ਹੀ ਮੀਂਹ ਸ਼ੁਰੂ ਹੋ ਗਿਆ ਸੀ ਤੇ ਫੇਰ ਦਿਨ ’ਚ ਵੀ ਪੈਂਦਾ ਰਿਹਾ। ਭਾਵੇਂ ਮੀਂਹ ਕੁਝ ਸਮੇਂ ਲਈ ਰੁਕਦਾ ਵੀ ਰਿਹਾ, ਪਰ ਫੋਰ ਜ਼ੋਰਦਾਰ ਛਰਾਟਿਆਂ ਨਾਲ਼ ਉੱਤਰਦਾ ਰਿਹਾ ਜਿਸ ਦਾ ਲੋਕਾਂ ਨੇ ਖੂਬ ਲੁਤਫ ਲਿਆ। ਇਸ ਦੌਰਾਨ ਨਾ ਸਿਰਫ਼ ਬੱਚੇ, ਬਲਕਿ ਵਡੇਰੀ ਉਮਰ ਦੇ ਲੋਕ ਵੀ ਮੀਂਹ ’ਚ ਨਹਾਉਂਦੇ ਦੇਖੇ ਗਏ। ਇਸ ਦੇ ਨਾਲ ਹੀ ਕਿਸਾਨਾਂ ਲਈ ਤਾਂ ਅੱਜ ਦਾ ਇਹ ਮੀਂਹ ਹੋਰ ਵੀ ਵਧੇਰੇ ਲਾਹੇਵੰਦ ਰਿਹਾ ਕਿਉਂਕਿ ਇਨ੍ਹੀਂ ਦਿਨੀਂ ਝੋਨੇ ਦੀ ਲਵਾਈ ਜ਼ੋਰਾਂ ’ਤੇ ਸੀ ਪਰ ਉਪਰੋਂ ਪੈ ਰਹੀ ਅੱਤ ਦੀ ਗਰਮੀ ਨਾਲ ਬਣੇ ਹੁੰਮਸ ਦੌਰਾਨ ਝੋਨਾ ਲਾਉਣ ਵਾਲ਼ੇ ਮਜ਼ਦੂਰਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਨਾਲ ਉਨ੍ਹਾਂ ਨੇ ਵੀ ਅੱਜ ਰਾਹਤ ਮਹਿਸੂਸ ਕੀਤੀ। ਮੌਸਮ ਵਿਗਿਆਨੀਆਂ ਵੱਲੋਂ ਕੱਲ੍ਹ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਬੰਨ੍ਹੇ ਅੱਜ ਦੇ ਮੀਂਹ ਦੌਰਾਨ ਵੀ ਸ਼ਾਹੀ ਸ਼ਹਿਰ ਪਟਿਆਲਾ ਜਲਥਲ ਹੋਇਆ ਰਿਹਾ। ਸ਼ਹਿਰ ਦੀਆਂ ਵਧੇਰੇ ਸੜਕਾਂ ਸਮੇਤ ਹੋਰ ਗਲ਼ੀਆਂ ਨਾਲ਼ੀਆਂ ਵੀ ਮੀਂਹ ਦੇ ਪਾਣੀ ਨਾਲ ਭਰੀਆਂ ਰਹੀਆਂ।
ਭਾਵੇਂ ਨਗਰ ਨਿਗਮ ਵੱਲੋਂ ਚੋਖੇ ਫੰਡ ਖਰਚ ਕੇ ਪਿਛਲੇ ਸਮੇਂ ਦੌਰਾਨ ਬਰਸਾਤ ਦੇ ਪਾਣੀ ਦੀ ਜਲਦੀ ਨਿਕਾਸੀ ਦੇ ਪ੍ਰਬੰਧ ਵੀ ਕੀਤੇ ਗਏ ਹਨ ਪਰ ਮੀਂਹ ਹੀ ਵਧੇਰੇ ਪਿਆ ਹੋਣ ਕਾਰਨ ਨਿਕਾਸੀ ਦੀ ਮੁਸ਼ਕਲ ਵੀ ਬਣੀ ਰਹੀ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ (ਆਈਏਐੱਸ) ਅੱਜ ਮੀਂਹ ਪੈਂਦੇ ’ਚ ਵੀ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ); ਇਕ ਹਫਤੇ ਤੋਂ ਲਗਾਤਾਰ ਪੈ ਰਹੀ ਗਰਮੀ ਅਤੇ ਨਹਿਰੀ ਰਜਵਾਹਿਆਂ ਵਿੱਚ ਪਾਣੀ ਦੀ ਘਾਟ ਨੂੰ ਲੈ ਕੇ ਪਛੜ ਰਹੀ ਝੋਨੇ ਦੀ ਲਵਾਈ ਕਾਰਨ ਚਿੰਤਤ ਕਿਸਾਨਾਂ ਦੇ ਚਿਹਰਿਆਂ ’ਤੇ ਅੱਜ ਦੀ ਬਾਰਿਸ਼ ਨਾਲ ਰੌਣਕ ਪਰਤ ਆਈ ਹੈ। ਇਸ ਤੋਂ ਇਲਾਵਾ ਇਸ ਬਾਰਿਸ਼ ਨਾਲ ਹਰਾ ਚਾਰਾ ਚਰੀ ਅਤੇ ਮੱਕੀ ਸਮੇਤ ਸਾਉਣੀ ਦੀ ਹੋਰ ਫਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ। ਇਸੇ ਦੌਰਾਨ ਬਾਰਿਸ਼ ਦੇ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਬਾਜ਼ਾਰ ਦੀਆ ਸੜਕਾਂ ਅਤੇ ਰਿਹਾਇਸ਼ੀ ਕਲੋਨੀਆਂ ਦੀਆ ਸੜਕਾਂ ’ਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਰਾਹਗੀਰਾਂ ਖਾਸ ਕਰਕੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਸਬੇ ਨੂੰ ਲੁਧਿਆਣਾ-ਅੰਬਾਲਾ ਜੀ.ਟੀ ਰੋਡ ਨਾਲ ਜੋੜਨ ਵਾਲੇ ਪੁਰਾਣੇ ਅਤੇ ਨਵੇਂ ਦੋਵੇਂ ਅੰਡਰਬ੍ਰਿਜਾਂ ਵਿੱਚ ਬਾਰਿਸ਼ ਦਾ ਕਈ-ਕਈ ਫੁੱਟ ਪਾਣੀ ਭਰ ਗਿਆ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ।
ਡਕਾਲਾ (ਮਾਨਵਜੋਤ ਭਿੰਡਰ): ਇਲਾਕੇ ਵਿੱਚ ਅੱਜ ਦੁਪਹਿਰ ਤੋਂ ਪਹਿਲਾਂ ਕਈ ਘੰਟੇ ਪਈ ਤੇਜ਼ ਬਾਰਸ਼ ਨੇ ਝੋਨੇ ਦੇ ਔੜ ਮਾਰੇ ਖੇਤਾਂ ’ਚ ਨਵੀਂ ਜਾਨ ਪਾ ਦਿੱਤੀ ਹੈ| ਅਜਿਹੇ ਖੁਸ਼ਗਵਾਰ ਮੌਸਮ ਤੋਂ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਖੇਤ ਨੱਕੋ-ਨੱਕ ਭਰ ਗਏ ਹਨ| ਇਸ ਬਰਸਾਤ ਤੋਂ ਝੋਨੇ ਤੋਂ ਇਲਾਵਾ ਸਾਉਣੀ ਦੀਆਂ ਹੋਰ ਫਸਲਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਸਵੇਰ ਤੋਂ ਹੀ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਬਿਜਲੀ ਵਿਭਾਗ ਅਤੇ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਕਿਸਾਨਾਂ ਨੇ ਮੀਂਹ ਦਾ ਲਾਹਾ ਲੈਂਦਿਆਂ ਖੇਤਾਂ ’ਚ ਝੋਨੇ ਦੀ ਪਨੀਰੀ ਲਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ।
ਦੂਜੇ ਪਾਸੇ ਮੀਂਹ ਦੌਰਾਨ ਸੀਵਰੇਜ ਸਿਸਟਮ ਸਹੀ ਢੰਗ ਨਾਲ ਕੰਮ ਨਾ ਕਰਨ ਕਰਕੇ ਅੰਡਰਬ੍ਰਿਜ ’ਚ ਪਾਣੀ ਦਾਖਲ ਹੋ ਗਿਆ ਜਿਸ ਨੂੰ ਬੋਰੀਆਂ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਟੈਲੀਫੋਨ ਐਕਸਚੇਂਜ ਰੋਡ, ਮਾਰਕੀਟ ਕਮੇਟੀ ਰੋਡ, ਗਊਸ਼ਾਲਾ, ਪੁਲੀਸ ਸਟੇਸ਼ਨ ਰੋਡ ਅਤੇ ਹੋਰ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਨਾਲ ਛੋਟੇ ਵਾਹਨ ਚਾਲਕਾਂ ਨੂੰ ਲੰਘਣ ’ਚ ਪ੍ਰੇਸ਼ਾਨੀ ਆਈ।
ਧੂਰੀ (ਹਰਦੀਪ ਸਿੰਘ ਸੋਢੀ): ਮੀਂਹ ਨੇ ਆਮ ਲੋਕਾਂ ਤੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ, ਲੋਕਾਂ ਨੇ ਮੀਂਹ ਦਾ ਪੂਰਾ ਆਨੰਦ ਮਾਣਿਆ ਉੱਥੇ ਝੋਨਾ ਲਾ ਰਹੇ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਪੈਣ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਇਹ ਮੀਂਹ ਢੁਕਵੇ ਸਮੇਂ ’ਤੇ ਪਿਆ ਹੈ ਤੇ ਇਹ ਫ਼ਸਲਾਂ ਤੇ ਸਬਜ਼ੀਆਂ ਲਈ ਬਹੁਤ ਲਾਭਦਾਇਕ ਹੈ। ਉਨ੍ਹਾਂ ਕਿਹਾ ਇਹ ਆਉਂਦੇ ਦਿਨਾਂ ਵਿੱਚ ਹੋਰ ਮੀਂਹ ਪਵੇਗਾ।
ਸਮਾਣਾ ਦੇ ਬਾਜ਼ਾਰਾਂ ਵਿੱਚ ਪਾਣੀ ਭਰਿਆ; ਸੀਵਰੇਜ ਸਿਸਟਮ ਠੁੱਸ
ਸਮਾਣਾ (ਸੁਭਾਸ਼ ਚੰਦਰ): ਸਮਾਣਾ ਸ਼ਹਿਰ ਵਿੱਚ ਕਰੀਬ ਇੱਕ ਘੰਟਾ ਹੋਈ ਮੁਸਲੇਧਾਰ ਬਾਰਸ਼ ਕਾਰਨ ਸ਼ਹਿਰ ਪੂਰੀ ਤਰ੍ਹਾਂ ਜਲਥਲ ਹੋ ਗਿਆ। ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਬੱਸ ਸਟੈਂਡ, ਤਹਿਸੀਲ ਰੋਡ, ਮੇਨ ਬਜ਼ਾਰ ਤੇ ਕ੍ਰਿਸ਼ਨਾ ਮਾਰਕੀਟ ਵਿੱਚ ਤਿੰਨ-ਤਿੰਨ ਫੁੱਟ ਦੇ ਕਰੀਬ ਪਾਣੀ ਭਰ ਗਿਆ। ਬਰਸਾਤ ਪੈਣ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਕਿਸਾਨਾਂ ਨੂੰ ਇਸ ਦਾ ਕਾਫ਼ੀ ਫਾਇਦਾ ਹੋਵੇਗਾ। ਕਾਲਜ ’ਚ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਵੀ ਪਾਣੀ ਵਿੱਚੋਂ ਲੰਘ ਕੇ ਜਾਣ ਲਈ ਮਜਬੂਰ ਹੋਣਾ ਪਿਆ। ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਦਾ ਸਾਰਾ ਸਿਸਟਮ ਫੇਲ੍ਹ ਹੋ ਕੇ ਰਹਿ ਗਿਆ ਹੈ। ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੀਵਰੇਜ ਸਿਸਟਮ ਨੂੰ ਦਰੁਸਤ ਕਰਕੇ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੀਤਾ ਜਾਵੇ।