ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਮਈ
ਅੱਜ ਸ਼ਾਮ ਤੇਜ਼ ਮੀਂਹ ਨੇ ਜਿਥੇ ਲੋਕਾਂ ਨੂੰ ਜੇਠ ਮਹੀਨੇ ਦੀ ਤਪਦੀ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਕਈ ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕਈ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੇ ਖੰਬੇ ਟੁੱਟਣ ਦੀਆਂ ਵੀ ਖ਼ਬਰਾਂ ਹਨ। ਕਈ ਥਾਈਂ ਹਲਕੀ ਗੜ੍ਹੇਮਾਰੀ ਵੀ ਹੋਈ ਹੈ। ਤੇਜ਼ ਮੀਂਹ ਕਾਰਨ ਸ਼ਹਿਰ ਦਾ ਬਾਜ਼ਾਰ ਜਲਥਲ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਤੇਜ਼ ਮੀਂਹ ਅਤੇ ਝੱਖੜ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਤੇ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਅੱਜ ਦਿਨ ਭਰ ਮੌਸਮ ਖੁਸ਼ਕ ਅਤੇ ਗਰਮ ਰਿਹਾ ਪਰ ਅਚਾਨਕ ਸ਼ਾਮ ਕਰੀਬ ਸਾਢੇ ਪੰਜ ਵਜੇ ਤੇਜ਼ ਮੀਂਹ, ਹਨੇਰੀ ਅਤੇ ਝੱਖੜ ਆਉਣ ਕਾਰਨ ਅਚਾਨਕ ਮੌਸਮ ਬਦਲ ਗਿਆ। ਤੇਜ਼ ਮੀਂਹ ਅਤੇ ਝੱਖੜ ਕਾਰਨ ਕਈ ਥਾਵਾਂ ਉਪਰ ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਵੀ ਟੁੱਟ ਗਏ। ਇਸ ਕਾਰਨ ਕਈ ਥਾਈਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਸ਼ਹਿਰ ਦੇ ਬਾਜ਼ਾਰ ਵਿਚ ਨੀਵੀਆਂ ਥਾਵਾਂ ਪਾਣੀ ਨਾਲ ਜਲਥਲ ਹੋ ਗਈਆਂ। ਇਸ ਕਾਰਨ ਰਾਹਗੀਰਾਂ ਨੂੰ ਲੰਘਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਨੇਰੀ ਕਾਰਨ ਇੱਥੇ ਇੱਕ ਕਾਰ ’ਤੇ ਦਰੱਖਤ ਡਿੱਗ ਗਿਆ ਤੇ ਇਸੇ ਤਰ੍ਹਾਂ ਇੱਕ ਟਰੱਕ ਨੂੰ ਨੁਕਸਾਨ ਪਹੁੰਚਿਆ। ਮੀਂਹ ਕਾਰਨ ਇੱਕ ਮਕਾਨ ਦੀ ਛੱਤ ਵੀ ਡਿੱਗ ਗਈ ਹੈ।
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਅੱਜ ਦੇਰ ਸਾਮੀ ਮੁੜ ਮੀਂਹ ਦੇ ਨਾਲ ਹਨੇਰੀ ਚੱੱਲੀ। ਇਸ ਨਾਲ ਇੱਕ ਵਾਰ ਫੇਰ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਹਨੇਰੀ ਨਾਲ਼ ਕਈ ਥਾਈਂ ਬੱਤੀ ਗੁੱੱਲ ਹੋ ਜਾਣ ਦੀਆਂ ਖਬਰਾਂ ਵੀ ਮਿਲੀਆਂ। ਬਿਜਲੀ ਮੁਲਾਜਮਾਂ ਨੇ ਬਹੁਤੇ ਥਾਈਂ ਤਾਂ ਬੱਤੀ ਬਹਾਲ ਕਰ ਦਿਤੀ ਸੀ ਪਰ ਕੁਝ ਥਾਈਂ ਰਾਤ ਨੂੰ ਵੀ ਬਿਜਲੀ ਮੁਲਾਜਮ ਬਿਜਲੀ ਸਪਲਾਈ ਚਾਲੂ ਕਰਨ ’ਚ ਜੁਟੇ ਹੋਏ ਸਨ।