ਬੀਰਬਲ ਰਿਸ਼ੀ
ਸ਼ੇਰਪੁਰ, 23 ਅਗਸਤ
ਘਨੌਰੀ ਕਲਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਜਿਸਤੋਂ ਪ੍ਰੇਸ਼ਾਨ ਲੋਕਾਂ ਨੇ ਅੱਜ ਮਸਲਾ ਹੱਲ ਨਾ ਹੁੰਦਾ ਵੇਖ ਕੇ ਪਿੰਡ ਵਿੱਚੋਂ ਲੰਘਦੀ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਸਵੇਰੇ ਤਕਰੀਬਨ 11 ਵਜੇ ਚੱਕਾ ਜਾਮ ਕਰ ਦਿੱਤਾ। ਸ਼ਾਮ ਛੇ ਵਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪੁੱਜਿਆ ਤੇ ਖ਼ਬਰ ਲਿਖੇ ਜਾਣ ਤੱਕ ਲੋਕ ਸੜਕ ’ਤੇ ਡਟੇ ਹੋਏ ਸਨ। ਮੌਕੇ ’ਤੇ ਪੁੱਜੇ ਪੁਲੀਸ ਮੁਲਾਜ਼ਮ ਟਰੈਫਿਕ ਦਾ ਬਦਲਵਾਂ ਪ੍ਰਬੰਧ ਕਰਨ ’ਚ ਮਸ਼ਰੂਫ ਸਨ।
ਜਾਣਕਾਰੀ ਅਨੁਸਾਰ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਪਿੰਡ ਘਨੌਰੀ ਕਲਾਂ ਦੇ ਸੂਰਾ ਪੱਤੀ ਵਸਨੀਕ ਲੋਕਾਂ ਲਈ ਉਸ ਵੇਲੇ ਪ੍ਰੇਸ਼ਾਨੀ ਬਣ ਗਿਆ ਜਦੋਂ ਬਲਜੀਤ ਸਿੰਘ, ਗੁਰਮੇਲ ਸਿੰਘ, ਪਰਗਟ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਸਮੇਤ ਕਈ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਚ ਹਰਦੀਪ ਸਿੰਘ ਮਿੱਠੂ, ਪੰਚ ਹਰਮੇਲ ਸਿੰਘ, ਪਰਗਟ ਸਿੰਘ, ਜੀਵਨ ਸਿੰਘ (ਦੋਵੇ ਸਾਬਕਾ ਪੰਚ) ਤੇ ਜਸਵੀਰ ਸਿੰਘ ਨੇ ਕਿਹਾ ਬੀਤੀ ਕੱਲ੍ਹ ਤੋਂ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਗੁੱਸੇ ਵਿੱਚ ਆਏ ਲੋਕਾਂ ਨੇ ਘਨੌਰੀ ਕਲਾਂ ਵਿੱਚ ਮਜ਼ਬੂਰੀਵਸ ਚੱਕਾ ਜਾਮ ਕੀਤਾ ਹੈ। ਲੋਕ ਮੰਗ ਕਰ ਰਹੇ ਸਨ ਕਿ ਸੂਰਾ ਪੱਤੀ ਦੇ ਪਾਣੀ ਦੀ ਨਿਕਾਸੀ ਹਾਲ ਹੀ ਦੌਰਾਨ ਲੱਖਾਂ ਦੀ ਲਾਗਤ ਨਾਲ ਤਿਆਰ ਹੋਏ ਪੱਤੀ ਦੇ ਐਨ ਨਾਲ ਲੱਗਦੇ ਵਾਟਰ ਟਰੀਟਮੈਂਟ ਪਲਾਂਟ ਵੱਲ ਕੀਤੀ ਜਾਵੇ।
ਉਧਰ, ਪਿੰਡ ਦੀ ਪਰਸੀਂਹ ਪੱਤੀ ਦੇ ਲੋਕਾਂ ਨੇ ਸੂਰਾ ਪੱਤੀ ਦਾ ਪਾਣੀ ਵਾਟਰ ਟਰੀਟਮੈਂਟ ਪਲਾਂਟ ਵਿੱਚ ਪਾਏ ਜਾਣ ਦਾ ਤਿੱਖਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਸੂਰਾ ਪੱਤੀ ਕੋਲ ਦੋ ਟੋਭਿਆਂ ਦੀ ਪੰਜਾਹ ਵਿੱਘੇ ਜਗਾ ਹੈ। ਟਰੀਟਮੈਂਟ ਪਲਾਂਟ ਦੀ ਥਾਂ ਉਧਰ ਪਾਣੀ ਕੱਢਿਆ ਜਾਵੇ ਤੇ ਪਾਣੀ ਦਾ ਵਹਾਅ ਵੀ ਸੂਰਾ ਪੱਤੀ ਵੱਲ ਹੀ ਹੈ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਹੈਪੀ ਨੇ ਕਿਹਾ ਕਿ ਸੂਰਾ ਪੱਤੀ ਦੇ ਪਾਣੀ ਦੇ ਪੱਕੇ ਹੱਲ ਲਈ ਪੁਲੀਸ ਇਮਦਾਦ ਲਈ ਲਿਖ ਕੇ ਭੇਜਿਆ ਹੈ। ਬੀਡੀਪੀਓ ਜੁਗਰਾਜ ਸਿੰਘ ਨੇ ਕਿਹਾ ਮਸਲੇ ਦਾ ਛੇਤੀ ਹੀ ਹੱਲ ਹੋ ਜਾਵੇਗਾ।
ਮੀਂਹ ਕਾਰਨ ਕਾਲਜ ਦੀ ਕੰਧ ਡਿੱਗੀ
ਲਹਿਰਾਗਾਗਾ (ਪੱਤਰ ਪ੍ਰੇਰਕ) ਇਥੇ ਸ਼ਨਿਚਰਵਾਰ ਤੋਂ ਰੁਕ ਰੁਕ ਕੇ ਹੋ ਰਹੀ ਬਾਰਸ਼ ਕਾਰਨ ਜਿਥੇ ਨੀਵੀਆਂ ਥਾਂਵਾਂ ’ਤੇ ਬੀਜੀਆਂ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ, ਉਥੇ ਲਹਿਰਾਗਾਗਾ-ਜਾਖਲ ਸੜਕ ’ਤੇ ਬਣੇ ਵਿਦਿਆ ਜੋਤੀ ਕਾਲਜ ਕੋਟੜਾ ਲੇਹਲ ਦੀ ਕਰੀਬ ਪੰਜਾਹ ਫੁੱਟ ਕੰਧ ਤੇ ਚਾਦਰਾਂ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਾਲਜ ਦੇ ਚੇਅਰਮੈਨ ਜੀਵਨ ਕਾਲਾ ਹਰਿਆਓ ਵਾਲੇ ਨੇ ਦੱਸਿਆ ਕਿ ਬਾਰਸ਼ ਕਰਕੇ ਕਾਲਜ ਦੀ ਚਾਰਦਿਵਾਰੀ ਡਿੱਗ ਗਈ ਤੇ ਚਾਦਰਾਂ ਖਰਾਬ ਹੋ ਗਈਆਂ। ਉਧਰ, ਪਿੰਡ ਗੁਰੂ ਤੇਗ ਬਹਾਦਰ ਨਗਰ ਲੇਹਲ ਕਲਾਂ ਦੇ ਸਰਪੰਚ ਬਲਜੀਤ ਸਿੰਘ ਸਰਾਓ, ਕਿਸਾਨ ਕਰਨੈਲ ਸਿੰਘ ਗੜ੍ਹਦੀ ਵਾਲੇ ਤੇ ਰਾਮਾ ਸਿੰਘ ਨੇ ਦੱਸਿਆ ਕਿ ਬਾਰਸ਼ ਕਰਕੇ ਉਨ੍ਹਾਂ ਦੀ ਨੀਵੀਂ ਥਾਂ ’ਤੇ ਦੂਜੀ ਵਾਰ ਬੀਜੀਆਂ ਫਸਲਾਂ ਪਾਣੀ ਨਾਲ ਭਰ ਗਈਆਂ। ਫਸਲ ਨੂੰ ਬਚਾਉਣ ਲਈ ਉਹ ਟਰੈਕਟਰਾਂ ਨਾਲ ਪਾਣੀ ਕੱਢਣ ਲਈ ਹਜ਼ਾਰਾਂ ਰੁਪਏ ਖਰਚ ਰਹੇ ਹਨ। ਉਧਰ, ਲਹਿਰਾਗਾਗਾ ’ਚ ਲਗਾਤਾਰ ਬਾਰਸ਼ ਕਰਕੇ ਬਹੁਤ ਸਾਰੀਆਂ ਸੜਕਾਂ ’ਚ ਟੋਏ ਪੈ ਗਏ ਹਨ। ਬਾਰਸ਼ ਕਰਕੇ ਮਾਰਕਿਟ ਕਮੇਟੀ ਐੱਸਡੀਐੱਮ, ਪੁਰਾਣੀ ਗਊਸ਼ਾਲਾ ਰੋਡ ਤੇ ਹੋਰ ਨੀਵੀਆਂ ਥਾਵਾਂ ’ਤੇ ਪਾਣੀ ਭਰਨ ਕਰਕੇ ਲੋਕਾਂ ਨੂੰ ਆਵਾਜਾਈ ’ਚ ਦਿੱਕਤ ਆ ਰਹੀ ਹੈ। ਸੋਮਵਾਰ ਹੋਣ ਦੇ ਬਾਵਜੂਦ ਬਾਰਸ਼ ਕਾਰਨ ਬਾਜ਼ਾਰ ਵਿੱਚ ਕੰਮ ਠੱਪ ਰਿਹਾ।