ਪੱਤਰ ਪ੍ਰੇਰਕ
ਲਹਿਰਾਗਾਗਾ, 2 ਜੁਲਾਈ
ਗਰਮੀ ਤੇ ਬਾਰਿਸ਼ ਦੇ ਇਸ ਮੌਸਮ ਦੌਰਾਨ ਡੇਂਗੂ, ਮਲੇਰੀਆ ਆਦਿ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਦਿਨੋਂ-ਦਿਨ ਹੋ ਰਹੇ ਵਾਧੇ ਦੇ ਮੱਦੇਨਜ਼ਰ ਅੱਜ ਸਿਹਤ ਵਿਭਾਗ ਦੇ ਐੱਸਐਮਓ ਡਾ. ਗੋਬਿੰਦ ਟੰਡਨ ਤੇ ਸੀਨੀਅਰ ਹੈਲਥ ਇੰਸਪੈਕਟਰ ਵਿਜੈ ਖੋਖਰ ਦੀ ਅਗਵਾਈ ’ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਹਲਕੇ ਦੇ ਪਿੰਡ ਗਾਗਾ ਵਿਚ ਸਿਹਤ ਵਿਭਾਗ ਦੇ ਸੈਂਟਰ ਸੰਗਤਪੁਰਾ ਦੇ ਸੀਨੀਅਰ ਐਮਪੀਡਬਸਯੂ ਮੇਲ ਕਾਲਾ ਸਿੰਘ ਨੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਸਬੰਧੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਗਰਮੀ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਡੇਂਗੂ ਅਤੇ ਮਲੇਰੀਆ ਆਦਿ ਬੀਮਾਰੀਆਂ ਤੋਂ ਬਚਾਅ ਪ੍ਰਤੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ। ਫਰਿੱਜਾਂ ਦੀਆਂ ਟਰੇਆਂ, ਕੂਲਰਾਂ, ਟਾਇਰਾਂ ਆਦਿ ਵਿੱਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਘਰ ਅਤੇ ਬਾਹਰ ਗਲੀ ਵਿੱਚ ਖੜ੍ਹੇ ਪਾਣੀ-ਨਾਲੀਆਂ ਆਦਿ ਦੀ ਨਿਰੰਤਰ ਸਫ਼ਾਈ ਕਰਵਾਈ ਜਾਵੇ। ਡੇਂਗੂ-ਮਲੇਰੀਆ ਆਦਿ ਦੀ ਬੀਮਾਰੀ ਹੋਣ ’ਤੇ ਨੇੜਲੇ ਸਿਹਤ ਕੇਂਦਰ ਵਿਖੇ ਜਾ ਕੇ ਇਸ ਦਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ।
ਇਸ ਮੌਕੇ ਆਰਟੀਡੀ ਕਿੱਟ ਰਾਹੀ ਲੋਕਾਂ ਦੇ ਟੈਸਟ ਕੀਤੇ ਗਏ ਜਿਹੜੇ ਸਾਰੇ ਨੈਗੇਟਿਵ ਪਾਏ ਗਏ।