ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਜੁਲਾਈ
ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਲੇਸ (ਸੰਗਰੂਰ) ਵੱਲੋਂ ਪ੍ਰਿੰਸੀਪਲ ਪਰਵੀਨ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਇਸ ਸੰਸਥਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਰੋਨਾਵਾਇਰਸ ਤੋਂ ਬਚਾਅ ਸਬੰਧੀ ਘਰ-ਘਰ ਜਾ ਕੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੰਡੇ ਅਤੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਢੁੱਕਵੇਂ ਕਦਮ ਚੁੱਕਣ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਮਿਸ਼ਨ ਫ਼ਤਹਿ ਤਹਿਤ ਸਕੂਲ ਸਟਾਫ਼ ਵੱਲੋਂ ਪਿੰਡ ਥਲੇਸ, ਅਕੋਈ ਸਾਹਿਬ, ਦੇਹ ਕਲਾਂ ਅਤੇ ਫ਼ਤਹਿਗੜ੍ਹ ਛੰਨ੍ਹਾ ਦਾ ਦੌਰਾ ਕੀਤਾ ਗਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਨੇੜਲੇ ਪਿੰਡ ਲਹਿਲ ਕਲਾਂ ਦੇ ਨੌਜਵਾਨ ਸਰਪੰਚ ਅਤੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਦੀ ਅਗਵਾਈ ’ਚ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਹਿ ਬਾਰੇ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਹਦਾਇਤਾਂ ਮਾਸਕ ਲਾਜ਼ਮੀ ਪਹਿਨਣਾ, ਵਾਰ-ਵਾਰ ਹੱਥ ਧੋਣੇ, ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਐੱਮਪੀਐੱਚਡਬਲਿਊ ਜਗਦੀਪ ਸਿੰਘ ਅਤੇ ਆਸ਼ਾ ਵਰਕਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਏ ਕਾਨੂੰਨ/ਨਿਯਮ ਆਮ ਲੋਕਾਂ ਲਈ ਫ਼ਾਇਦੇਮੰਦ ਹਨ।
ਇਸੇ ਤਰ੍ਹਾਂ ਪਿੰਡ ਘੋੜੇਨਬ ਵਿੱਚ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਹਿ ਤਹਿਤ ਬਾਲ ਵਿਕਾਸ ਵਿਭਾਗ ਦੀ ਸੀਡੀਪੀਓ ਹਰਸਿੰਦਰਜੀਤ ਕੌਰ ਦੀ ਅਗਵਾਈ ’ਚ ਸੁਪਰਵਾਈਜ਼ਰ ਸੁਖਵਿੰਦਰ ਕੌਰ ਨੇ ਘਰ-ਘਰ ਜਾ ਕੇ ਕਰੋਨਾ ਮਹਾਮਾਰੀ ਤੋੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ, ਸਮਾਜਿਕ ਦੂਰੀ ਬਣਾਉਣ, ਮਾਸਕ ਪਹਿਨਣ, ਹੱਥਾਂ ਨੂੰ ਵਾਰ ਵਾਰ ਧੋਣ, ਛੋਟੇ ਬੱਚਿਆਂ ਅਤੇ ਬਜੁਰਗਾਂ ਦਾ ਧਿਆਨ ਰੱਖਣ। ਇਸ ਮੌਕੇ ਆਂਗਣਵਾੜੀ ਵਰਕਰ ਗੋਲੋ ਕੌਰ, ਬਲਜੀਤ ਕੌਰ, ਅਨਿਤਾ ਰਾਣੀ ਅਤੇ ਹੈਲਪਰ ਮਨਜੀਤ ਕੌਰ ਨੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਹਿਤ ਵੰਡਿਆ।
ਸੰਦੌੜ (ਮੁਕੰਦ ਸਿੰਘ ਚੀਮਾ): ਮੁੱਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਬ-ਸੈਂਟਰ ਖੁਰਦ ਵੱਲੋਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਅਤੇ ਸਿਹਤ ਸੁਪਰਵਾਈਜ਼ਰ ਗੁਲਜ਼ਾਰ ਖਾਨ ਨੇ ਦੱਸਿਆ ਕਰੋਨਾ ਨੂੰ ਜੜ੍ਹੋਂ ਖ਼ਤਮ ਕਰ ਕੇ ਇਸ ਜੰਗ ’ਤੇ ਫਤਹਿ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ ਇਸ ਲਈ ਸਾਰੇ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕ ਮਾਸਕ ਪਹਿਨਣ ਦੀ ਆਦਤ ਨੂੰ ਪੱਕਾ ਕਰਨ ਅਤੇ ਵਾਰ-ਵਾਰ ਹੱਥ ਧੋਣ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਬੁਖਾਰ, ਖੰਘ, ਜੁਕਾਮ ਹੋਣ ’ਤੇ ਸਿਹਤ ਕੇਂਦਰ ਵਿੱਚ ਰਾਬਤਾ ਕਰ ਕੇ ਮੈਡੀਕਲ ਜਾਂਚ ਕਰਾਉਣੀ ਚਾਹੀਦੀ ਹੈ। ਇਸ ਮੌਕੇ ਬਲਜਿੰਦਰ ਕੌਰ, ਬਬਲਪ੍ਰੀਤ ਕੌਰ, ਕੁਲਦੀਪ ਸਿੰਘ ਤੇ ਰਾਜੇਸ਼ ਰਿਖੀ ਆਦਿ ਹਾਜ਼ਰ ਸਨ।